ਘਟਨਾ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ, ਗੰਭੀਰ ਜ਼ਖ਼ਮੀ ਦੀ ਹਾਲਤ ਨਾਜੁਕ
Punjab News: ਹੋਸ਼ਿਆਰਪੁਰ ‘ਚ ਦਸੂਹਾ ਦੇ ਪਾਸਲੇ ਪਿੰਡ ਘੋਘਰਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਫਾਰਚੂਨਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਟੱਕਰ ਮਾਰੀ। ਇਸ ਹਾਦਸੇ ‘ਚ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਤੀਜਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜਾਣਕਾਰੀ ਮੁਤਾਬਕ ਤਿੰਨੋ ਮੋਟਰਸਾਈਕਲ ਸਵਾਰ ਵਿਅਕਤੀ ਪ੍ਰਵਾਸੀ ਮਜ਼ਦੂਰ ਸਨ ਜੋ ਪਿੰਡ ਵਿੱਚ ਕੰਮ ਕਰਕੇ ਆਪਣੇ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਪਿੰਡ ਘੋਘਰਾ ਦੇ ਨੇੜੇ ਪਹੁੰਚੇ ਤਾਂ ਹਾਜੀਪੁਰ ਵੱਲੋਂ ਆ ਰਹੀ ਇੱਕ ਬੇਕਾਬੂ ਤੇਜ਼ ਰਫ਼ਤਾਰ ਫਾਰਚੂਨਰ ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ।
ਟੱਕਰ ਤੋਂ ਬਾਅਦ ਕਾਰ ਚਾਲਕ ਕੁਝ ਸਮੇਂ ਤੱਕ ਮੌਕੇ ‘ਤੇ ਖੜਾ ਰਿਹਾ, ਪਰ ਫਿਰ ਮੌਕਾ ਵੇਖ ਕੇ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਹਾਦਸਾ ਵੇਖ ਰਹੇ ਕੁਝ ਲੋਕਾਂ ਨੇ ਫਾਰਚੂਨਰ ਕਾਰ ਦਾ ਨੰਬਰ ਨੋਟ ਕਰ ਲਿਆ ਹੈ ਜੋ ਦਸੂਹਾ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਕਾਰ ਚਾਲਕ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।