Moga News: ਮੋਗਾ ਪੁਲਿਸ ਨੇ ਜੀ.ਟੀ. ਰੋਡ ‘ਤੇ ਸਥਿਤ ਦੋ ਹੋਟਲਾਂ ‘ਚ ਛਾਪੇਮਾਰੀ ਕਰਕੇ ਦੇਹ ਵਪਾਰ ਦੇ ਗੈਰਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਕਾਰਵਾਈ ਦੌਰਾਨ 9 ਨੌਜਵਾਨਾਂ ਅਤੇ 18 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸਾਰੇ ਖ਼ਿਲਾਫ਼ ਇਮੋਰਲ ਟ੍ਰੈਫਿਕ ਐਕਟ (Immoral Traffic Prevention Act) ਹੇਠ ਮਾਮਲਾ ਦਰਜ ਕੀਤਾ ਗਿਆ ਹੈ।
ਗ੍ਰਿਫਤਾਰ ਲੜਕੀਆਂ ਨੂੰ ਸਖੀ ਸੈਂਟਰ ‘ਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਮੋਗਾ ਦੇ ਕੁਝ ਹੋਟਲਾਂ ਵਿੱਚ ਹੋਰ ਸ਼ਹਿਰਾਂ ਅਤੇ ਪਿੰਡਾਂ ਤੋਂ ਨੌਜਵਾਨ ਅਤੇ ਲੜਕੀਆਂ ਆ ਕੇ ਗਲਤ ਧੰਦੇ ਕਰ ਰਹੇ ਹਨ। ਇਸ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਦੋ ਵੱਖ-ਵੱਖ ਹੋਟਲਾਂ ਵਿੱਚ ਰਾਤ ਦੌਰਾਨ ਛਾਪੇਮਾਰੀ ਕੀਤੀ।
ਇੱਕ ਹੋਟਲ ‘ਚੋਂ 1 ਨੌਜਵਾਨ ਅਤੇ 8 ਲੜਕੀਆਂ ਮਿਲੀਆਂ, ਜਦਕਿ ਦੂਜੇ ਹੋਟਲ ਵਿੱਚੋਂ 8 ਨੌਜਵਾਨ ਅਤੇ 10 ਲੜਕੀਆਂ ਗ੍ਰਿਫਤਾਰ ਕੀਤੀਆਂ ਗਈਆਂ। ਇਹ ਸਾਰੇ ਵਿਅਕਤੀ ਹੋਰ ਸ਼ਹਿਰਾਂ ਅਤੇ ਪਿੰਡਾਂ ਤੋਂ ਆ ਕੇ ਇਥੇ ਗੈਰਕਾਨੂੰਨੀ ਤੌਰ ‘ਤੇ ਦੇਹ ਵਪਾਰ ਕਰ ਰਹੇ ਸਨ।
ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਜਾਰੀ ਹੈ। ਲੜਕੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।