Methanol seized in Patiala: ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 20 ਲੋਕਾਂ ਦੀ ਮੌਤ ਤੋਂ ਬਾਅਦ, ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਹੈ। ਪੁਲਿਸ ਨੇ ਪਟਿਆਲਾ ਵਿੱਚ ਲਗਭਗ 600 ਲੀਟਰ ਮੀਥੇਨੌਲ ਜ਼ਬਤ ਕੀਤਾ ਹੈ, ਜੋ ਕਿ ਦਿੱਲੀ ਤੋਂ ਪੰਜਾਬ ਵਿੱਚ ਇੱਕ ਟਰੱਕ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ ਲਿਆਂਦਾ ਜਾ ਰਿਹਾ ਸੀ। ਇਸਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾਣੀ ਸੀ। ਇਹ ਦਾਅਵਾ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਕਾਮਯਾਬੀ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਜਿਸ ‘ਚ ਉਨ੍ਹਾਂ ਦੱਸਿਆ ਕਿ ਪਟਿਆਲਾ ਪੁਲਿਸ ਵਲੋਂ ਅੱਜ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਇੱਕ ਸਾਂਝੇ ਆਪਰੇਸ਼ਨ ਦੌਰਾਨ ਇੱਕ ਕੈਂਟਰ ਨੂੰ ਜ਼ਬਤ ਕੀਤਾ ਗਿਆ ਜਿਸ ਚੋਂ ਤਿੰਨ ਚਾਰ ਡਰਮਾਂ ਵਿੱਚ 600 ਲੀਟਰ ਦੇ ਕਰੀਬ ਮੀਥੇਨੌਲ ਬਰਾਮਦ ਕੀਤੀ ਗਈ।
ਐਸਐਸਪੀ ਪਟਿਆਲਾ ਵਰੁਣ ਸ਼ਰਮਾ ਵਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ ਇੱਕ ਵਿਅਕਤੀ ਨੂੰ ਕੈਂਟਰ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਕੈਂਟਰ ਟਰਾਂਸਪੋਰਟ ਨਗਰ ਏਰੀਆ ਦਿੱਲੀ ਤੋਂ ਚੱਲਿਆ ਸੀ ਅਤੇ ਅੱਗੇ ਕਿੱਥੇ ਜਾਣਾ ਸੀ ਫਿਲਹਾਲ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਨਾਲ ਹੀ ਪੁਲਿਸ ਦੇ ਮੁਤਾਬਕ ਇਸ ਕੈਂਟਰ ‘ਚ ਇਲੈਕਟਰੋਨਿਕ ਡਿਵਾਈਸ ਵੀ ਮਿਲੇ ਹਨ ਅਤੇ ਜਿਸ ਤਰ੍ਹਾਂ ਦੀ ਘਟਨਾ ਅੱਜ ਸਵੇਰੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਹੋਈ ਉਸ ਤੋਂ ਬਚਣ ਦੇ ਲਈ ਇਹ ਇੱਕ ਅਹਿਮ ਰਿਕਵਰੀ ਹੈ।
ਦਿੱਲੀ ਲਈ ਰਵਾਨਾ ਹੋਈਆਂ ਪੰਜਾਬ ਪੁਲਿਸ ਦੀਆਂ ਟੀਮਾਂ
ਜਿਵੇਂ ਹੀ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ, ਉਸ ਤੋਂ ਬਾਅਦ ਪੰਜਾਬ ਪੁਲਿਸ ਤੁਰੰਤ ਐਕਸ਼ਨ ਮੋਡ ਵਿੱਚ ਆ ਗਈ। ਸਾਰੀਆਂ ਸੰਵੇਦਨਸ਼ੀਲ ਥਾਵਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ, ਪਟਿਆਲਾ ਪੁਲਿਸ ਨੂੰ ਇਹ ਸਫਲਤਾ ਮਿਲੀ ਹੈ।
ਇਸ ਦੇ ਨਾਲ ਹੀ ਅੱਜ ਜਿਨ੍ਹਾਂ ਇਲਾਕਿਆਂ ਵਿੱਚ ਨਕਲੀ ਸ਼ਰਾਬ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ, ਉੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪਹੁੰਚੇ ਸੀਐਮ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਸਾਡੀਆਂ ਟੀਮਾਂ ਅੰਮ੍ਰਿਤਸਰ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿੱਚ ਲੱਗੀਆਂ ਹੋਈਆਂ ਹਨ।
ਪੁਲਿਸ ਟੀਮਾਂ ਵੀ ਦਿੱਲੀ ਲਈ ਰਵਾਨਾ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਇਹ ਮੰਨਿਆ ਜਾ ਰਿਹਾ ਹੈ ਕਿ ਪੁਲਿਸ ਵੱਡੀ ਕਾਰਵਾਈ ਕਰੇਗੀ।