Yo Yo Honey Singh-Karan Aujla objection to songs; ਹਨੀ ਸਿੰਘ ਤੇ ਕਰਨ ਔਜਲਾ ਨੇ ਇਤਰਾਜ਼ਯੋਗ ਸ਼ਬਦਾਵਲੀ ਗਾਣੇ ਦੇ ਮਾਮਲੇ ‘ਚ ਮਹਿਲਾ ਕਮਿਸ਼ਨ ਦੇ ਨੋਟਿਸ ਤੋਂ ਬਾਅਦ ਮੁਆਫ਼ੀ ਮੰਗ ਲਈ ਹੈ। ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲ ਗਿੱਲ ਨੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਸਿੰਗਰਾਂ ਦੀ ਉਨ੍ਹਾਂ ਨਾਲ ਗੱਲ ਕੀਤੀ ਤੇ ਮੁਆਫ਼ੀ ਮੰਗੀ। ਜਲਦੀ ਹੀ ਉਹ ਵਿਅਕਤੀਗਤ ਤੌਰ ‘ਤੇ ਵੀ ਉਨ੍ਹਾਂ ਨਾਲ ਮਿਲਣਗੇ।
ਦੱਸ ਦੇਈਏ ਕਿ ਬੀਤੀ ਦਿਨੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਦੇ ਗਾਣੇ ‘MF Gabhru‘ ਤੇ ਕਰਨ ਔਜਲਾ ਦੇ ਗਾਣੇ ‘MIllionaire‘ ‘ਚ ਔਰਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਦਾ ਮੁੱਦਾ ਚੁੱਕਿਆ ਸੀ। ਕਮਿਸ਼ਨ ਦੀ ਚੇਅਰਪਰਸਨ ਨੇ ਦੋਹਾਂ ਸਿੰਗਰਾਂ ਖਿਲਾਫ਼ ਸੋ ਮੋਟੋ ਨੋਟਿਸ ਲਿਆ ਸੀ। ਉਨ੍ਹਾਂ ਨੇ ਡੀਜੀਪੀ, ਪੰਜਾਬ ਨੂੰ ਪੱਤਰ ਲਿੱਖ ਕੇ ਕਿਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਵਾਉਣ ਦੀ ਮੰਗੀ ਕੀਤੀ ਸੀ ਤੇ ਇਸ ਸਬੰਧੀ ਸਟੇਟਸ ਰਿਪੋਰਟ ਦੇਣ ਲਈ ਕਿਹਾ ਸੀ। ਇਸ ਦੇ ਨਾਲ ਹੀ ਦੋਵੇਂ ਗਾਇਕਾਂ ਨੂੰ ਅੱਜ ਯਾਨੀ 11 ਅਗਸਤ ਨੂੰ ਸਵੇਰੇ 11:30 ਪੇਸ਼ ਹੋਣ ਲਈ ਕਿਹਾ ਸੀ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਬਿਆਨ
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲ ਗਿੱਲ ਨੇ ਕਿਹਾ ਕਿ ਦੋਵੇਂ ਸਿੰਗਰਾਂ ਨੇ ਮੈਨੂੰ ਫੋ਼ਨ ਕਰਕੇ ਮੁਆਫ਼ੀ ਮੰਗੀ ਹੈ। ਉਹ ਜਦੋਂ ਵੀ ਭਾਰਤ ਆਉਣਗੇ ਤਾਂ ਮੈਨੂੰ ਮਿਲਣਗੇ। ਜੇਕਰ ਕੋਈ ਬੰਦਾ ਮੁਆਫ਼ੀ ਮੰਗ ਹੀ ਲੈਂਦਾ ਹੈ ਤਾਂ ਉਸ ਗੱਲ ਨੂੰ ਖ਼ਤਮ ਕਰਨਾ ਚਾਹੀਦਾ ਹੈ।
ਇਸ ਮਾਮਲੇ ‘ਚ ਪੁਲਿਸ ਦੀ ਰਿਪੋਰਟ ਮੇਰੇ ਕੋਲ 2-3 ਦਿਨਾਂ ਤੱਕ ਆ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਏਆਈਜੀ ਉਨ੍ਹਾਂ ਨੂੰ ਮਿਲਣ ਆਏ ਸਨ ਤੇ ਉਨ੍ਹਾਂ ਨੇ ਦੋਵੇਂ ਸਿੰਗਰਾਂ ਦੇ ਆਫ਼ਿਸ ਨਾਲ ਸੰਪਰਕ ਕਰ ਲਿਆ ਹੈ ਤੇ ਸਿੰਗਰਾਂ ਦੇ ਵਕੀਲ ਜਲਦੀ ਹੀ ਪੱਤਰ ਭੇਜਣਗੇ। ਉਨ੍ਹਾਂ ਕਿਹਾ ਕਿ ਦੋਵੇਂ ਸਿੰਗਰਾਂ ਦੇ ਆਪਣੇ ਵੀ ਰੁਝੇਵੇ ਹਨ ਤੇ ਦੋਵਾਂ ਦੀਆਂ ਸ਼ੂਟਿੰਗਾਂ ਚੱਲ ਰਹੀਆਂ ਹਨ, ਜਿਵੇਂ ਹੀ ਉਨ੍ਹਾਂ ਦਾ ਪ੍ਰਜੈਕਟ ਖ਼ਤਮ ਹੁੰਦਾ ਹੈ ਤਾਂ ਉਹ ਜਲਦੀ ਹੀ ਇੱਥੇ ਪੇਸ਼ ਹੋਣਗੇ।
ਨੋਟਿਸ ‘ਚ ਕੀ ਕਿਹਾ ਸੀ?
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖਦੇ ਹੋਏ ਕਿਹਾ ਸੀ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਔਰਤਾਂ ਦੇ ਅਧਿਕਾਰਾਂ, ਸਨਮਾਨ ਅਤੇ ਸੁਰੱਖਿਆ ਦੀ ਉਲੰਘਣਾ ਨਾਲ ਸਬੰਧਤ ਮਾਮਲਿਆ ਤੇ ਸੋ-ਮੋਟੋ ਨੋਟਿਸ ਲੈ ਸਕਦਾ ਹੈ। ਕਮਿਸ਼ਨ ਵੱਲੋਂ ਅਜਿਹੇ ਮਾਮਲਿਆਂ ਨੂੰ ਬੜੀ ਹੀ ਗੰਭੀਰਤਾ ਨਾਲ ਵਿਚਾਰਿਆ ਜਾਂਦਾ ਹੈ ਤੇ ਕਮਿਸ਼ਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਪੰਜਾਬ ‘ਚ ਔਰਤਾਂ ਦੇ ਅਧਿਕਾਰ, ਮਾਣ ਤੇ ਰੁਤਬੇ ਦੀ ਸੁਰੱਖਿਆ ਹੋਵੇ।
ਕਮਿਸ਼ਨ ਵੱਲੋਂ ਪੱਤਰ ‘ਚ ਅੱਗੇ ਲਿਖਿਆ ਗਿਆ ਕਿ ਸਾਡੇ ਧਿਆਨ ‘ਚ ਆਇਆ ਹੈ ਕਿ ਸੋਸ਼ਲ ਮੀਡੀਆ ਤੇ ਸਿੰਗਰ ਯੋ ਯੋ ਹਨੀ ਸਿੰਘ ਵੱਲੋਂ ਗਾਇਆ ਗਾਣਾ MILLIONAIRE ਤੇ ਕਰਨ ਔਜਲਾ ਵੱਲੋਂ ਗਾਇਆ ਗਾਣਾ MF GABHRU ਚੱਲ ਰਿਹਾ ਹੈ, ਜਿਸ ਚ ਉਨ੍ਹਾਂ ਵੱਲੋਂ ਔਰਤਾਂ ਪ੍ਰਤੀ ਬਹੁਤ ਹੀ ਇਤਰਾਜਯੋਗ ਸ਼ਬਦਾਵਲੀ ਵਰਤੀ ਗਈ ਹੈ। ਕਮਿਸ਼ਨ ਨੇ ਇਸ ਦੀ ਜਾਂਚ ਕਰਨ ਤੇ ਦੋਵੇਂ ਸਿੰਗਰਾਂ ਨੂੰ ਪੇਸ਼ ਕਰਨ ਦੀ ਗੱਲ ਕਹੀ ਸੀ।