ਕਲੌਦੀ (ਸੰਗਰੂਰ), 16 ਜੁਲਾਈ: ਪਿੰਡ ਕਲੌਦੀ ਵਿਚ ਅੱਜ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਮੌਜੂਦਾ ਸਰਪੰਚ ਵੱਲੋਂ ਸਾਬਕਾ ਸਰਪੰਚ ਰਾਮ ਸਿੰਘ ਦੀ ਰਿਹਾਇਸ਼ੀ ਜਗ੍ਹਾ ‘ਤੇ ਨਿਸ਼ਾਨਦੇਹੀ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ।
ਸਾਬਕਾ ਸਰਪੰਚ ਰਾਮ ਸਿੰਘ ਨੇ ਇਲਜ਼ਾਮ ਲਾਇਆ ਕਿ ਮੌਜੂਦਾ ਪੰਚਾਇਤ ਵੱਲੋਂ ਧੱਕੇ ਨਾਲ ਉਸ ਜਗ੍ਹਾ ਨੂੰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿੱਥੇ ਉਹ ਲੰਮੇ ਸਮੇਂ ਤੋਂ ਵਸਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਕਿਉਂਕਿ ਉਹ ਪਿਛਲੇ ਚੋਣਾਂ ਦੌਰਾਨ ਦੂਸਰੇ ਉਮੀਦਵਾਰ ਦੇ ਹੱਕ ‘ਚ ਸੀ, ਇਸ ਕਰਕੇ ਮੌਜੂਦਾ ਸਰਪੰਚ ਅਤੇ ਉਸਦਾ ਪਿਓ ਉਸ ਨਾਲ ਰੰਜਸ਼ ਰੱਖਦੇ ਹਨ ਅਤੇ ਵਾਰ ਵਾਰ ਜਾਨੋਂ ਮਾਰਨ ਦੀ ਧਮਕੀ ਵੀ ਦੇ ਰਹੇ ਹਨ।
ਇਸ ਘਟਨਾ ਦੌਰਾਨ ਰਾਮ ਸਿੰਘ ਦੇ ਬੇਟੇ ਨੇ ਭੜਕ ਕੇ ਆਪਣੇ ਉੱਤੇ ਤੇਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਕਾਰਨ ਹੜਕੰਪ ਮਚ ਗਿਆ। ਵਕ਼ਤ ਸਿਰ ਪਿੰਡ ਵਾਲਿਆਂ ਨੇ ਉਸ ਨੂੰ ਬਚਾ ਲਿਆ ਅਤੇ ਹਸਪਤਾਲ ‘ਚ ਦਾਖਲ ਕਰਵਾਇਆ।
ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਦੱਸਿਆ ਕਿ ਮੌਜੂਦਾ ਸਰਪੰਚ ਅਤੇ ਉਸਦਾ ਪਰਿਵਾਰ ਸਾਬਕਾ ਸਰਪੰਚ ਨਾਲ ਜ਼ਬਰਦਸਤੀ ਅਤੇ ਰਾਜਨੀਤਿਕ ਬਦਲੇ ਦੀ ਭਾਵਨਾ ਰੱਖਦੇ ਹਨ।
ਸਾਬਕਾ ਸਰਪੰਚ ਰਾਮ ਸਿੰਘ ਨੇ ਮੰਗ ਕੀਤੀ ਕਿ ਜੇਕਰ ਪਿੰਡ ਵਿੱਚ ਨਿਸ਼ਾਨਦੇਹੀ ਕਰਨੀ ਹੈ ਤਾਂ ਉਹ ਸਿਰਫ਼ ਉਸ ਦੀ ਜਗ੍ਹਾ ਦੀ ਨਾ ਕਰਕੇ ਪੂਰੇ ਪਿੰਡ ਦੀ ਕੀਤੀ ਜਾਵੇ। ਉਸ ਨੇ ਕਿਹਾ ਕਿ, “ਜੇ ਮੇਰੀ ਜਗ੍ਹਾ ਕਿਤੇ ਵੱਧ ਜਾਂਦੀ ਹੈ ਤਾਂ ਉਹ ਘੱਟ ਕਰ ਲਵੋ, ਪਰ ਮੇਰੇ ਨਾਲ ਵਿਅਕਤੀਗਤ ਰੰਜਸ਼ ਕਰਕੇ ਵੱਖਰਾ ਵਿਵਹਾਰ ਨਾ ਕੀਤਾ ਜਾਵੇ। ਇਹ ਸਿਰਫ਼ ਇਸ ਲਈ ਹੋ ਰਿਹਾ ਹੈ ਕਿਉਂਕਿ ਮੈਂ ਇੱਕ ਖਾਸ ਪਰਿਵਾਰ ਨਾਲ ਸਬੰਧਤ ਹਾਂ।”
ਪਿੰਡ ਕਲੌਦੀ ਵਿੱਚ ਹੁਣ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਕਦਮਾਂ ਲਈ ਪ੍ਰਸ਼ਾਸਨ ਵੱਲੋਂ ਹਾਲਾਤਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।