RBI MPC Meeting June 2025: ਆਮ ਆਦਮੀ ਨੂੰ ਜਲਦੀ ਹੀ ਹੋਰ ਰਾਹਤ ਮਿਲ ਸਕਦੀ ਹੈ। RBI ਦੀ ਮੁਦਰਾ ਨੀਤੀ ਕਮੇਟੀ (MPC) ਦੀ ਮੀਟਿੰਗ ਇਸ ਮਹੀਨੇ 4 ਤੋਂ 6 ਜੂਨ ਤੱਕ ਹੋਣ ਵਾਲੀ ਹੈ। ਮਾਹਿਰਾਂ ਮੁਤਾਬਕ, ਇਸ ਵਾਰ ਵੀ ਵਿਆਜ ਦਰ ‘ਚ 0.25% ਦੀ ਕਟੌਤੀ ਹੋਣ ਦੀ ਪੂਰੀ ਉਮੀਦ ਹੈ।
RBI Repo Rate: ਕਰਜ਼ਾ ਲੈਣ ਵਾਲਿਆਂ ਲਈ ਖੁਸ਼ਖਬਰੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਲਗਾਤਾਰ ਤੀਜੀ ਵਾਰ ਰੈਪੋ ਦਰ ਵਿੱਚ ਕਟੌਤੀ ਕਰ ਸਕਦਾ ਹੈ। RBI ਆਪਣੀ ਬੈਂਚਮਾਰਕ ਦਰ ਨੂੰ 0.25% ਘਟਾ ਸਕਦਾ ਹੈ। ਇਹ ਫੈਸਲਾ 6 ਜੂਨ ਨੂੰ ਮੁਦਰਾ ਨੀਤੀ ਕਮੇਟੀ (MPC) ਦੀ ਤਿੰਨ ਦਿਨਾਂ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿਕਾਸ ਦੀ ਗਤੀ ਹੌਲੀ ਹੈ ਅਤੇ ਮਹਿੰਗਾਈ ਵੀ ਕਾਬੂ ਵਿੱਚ ਹੈ। ਅਜਿਹੀ ਸਥਿਤੀ ਵਿੱਚ, RBI ਕੋਲ ਮੁਦਰਾ ਨੀਤੀ ਨੂੰ ਆਸਾਨ ਬਣਾਉਣ ਦਾ ਮੌਕਾ ਹੈ।
ਭਾਰਤ ਦੀ ਜੀਡੀਪੀ ਵਿਕਾਸ ਦਰ ਵਿੱਤੀ ਸਾਲ 2024 ਵਿੱਚ 6.5% ਰਹੀ ਜੋ ਕਿ ਪਿਛਲੇ ਸਾਲ 9.2% ਸੀ। ਹਾਲਾਂਕਿ, ਮਾਰਚ ਤਿਮਾਹੀ ਵਿੱਚ ਜੀਡੀਪੀ 7.4% ਸੀ ਜੋ ਉਮੀਦ ਤੋਂ ਬਿਹਤਰ ਸੀ। ਮਹਿੰਗਾਈ ਆਰਬੀਆਈ ਦੇ 4% ਦੇ ਟੀਚੇ ਦੇ ਅੰਦਰ ਹੈ। ਅਪ੍ਰੈਲ ਵਿੱਚ, ਆਰਬੀਆਈ ਨੇ ਆਪਣੀ ਰੈਪੋ ਰੇਟ ਨੂੰ 0.25% ਘਟਾ ਕੇ 6% ਕਰ ਦਿੱਤਾ। ਰੈਪੋ ਰੇਟ ਉਹ ਦਰ ਹੈ ਜਿਸ ‘ਤੇ ਆਰਬੀਆਈ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ।
ਲਗਾਤਾਰ ਤੀਜੀ ਵਾਰ ਰੈਪੋ ਰੇਟ ਘਟਾਉਣ ਦੀਆਂ ਤਿਆਰੀਆਂ
ਇਸ ਤੋਂ ਪਹਿਲਾਂ ਫਰਵਰੀ ਅਤੇ ਅਪ੍ਰੈਲ 2025 ਵਿੱਚ, ਆਰਬੀਆਈ ਨੇ ਰੈਪੋ ਰੇਟ ਵਿੱਚ 0.25-0.25 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ, ਜਿਸ ਕਾਰਨ ਇਹ ਹੁਣ 6 ਪ੍ਰਤੀਸ਼ਤ ਤੱਕ ਆ ਗਈ ਹੈ। ਜੇਕਰ ਇਸ ਵਾਰ ਵੀ ਕਟੌਤੀ ਹੁੰਦੀ ਹੈ, ਤਾਂ ਇਹ 2025 ਵਿੱਚ ਲਗਾਤਾਰ ਤੀਜੀ ਰੈਪੋ ਰੇਟ ਵਿੱਚ ਕਟੌਤੀ ਹੋਵੇਗੀ।
ਬੈਂਕਾਂ ਨੇ ਪਹਿਲਾਂ ਹੀ ਘਟਾ ਦਿੱਤੀਆਂ ਕਰਜ਼ਾ ਦਰਾਂ
ਆਰਬੀਆਈ ਵਲੋਂ ਪਿਛਲੀਆਂ ਦੋ ਕਟੌਤੀਆਂ ਤੋਂ ਬਾਅਦ, ਜ਼ਿਆਦਾਤਰ ਬੈਂਕਾਂ ਨੇ ਆਪਣੀਆਂ ਕਰਜ਼ਾ ਦਰਾਂ ਵੀ ਘਟਾ ਦਿੱਤੀਆਂ, ਜਿਸਦਾ ਸਿੱਧਾ ਅਸਰ ਲੋਕਾਂ ਦੇ ਈਐਮਆਈ ‘ਤੇ ਪਿਆ। ਹੁਣ ਜੇਕਰ ਇੱਕ ਹੋਰ ਕਟੌਤੀ ਹੁੰਦੀ ਹੈ, ਤਾਂ ਹੋਮ ਲੋਨ, ਪਰਸਨਲ ਲੋਨ ਅਤੇ ਆਟੋ ਲੋਨ ਦੀ EMI ਹੋਰ ਘਟਾਈ ਜਾ ਸਕਦੀ ਹੈ।
6 ਜੂਨ ਨੂੰ RBI ਦੀ MPC ਮੀਟਿੰਗ ਤੋਂ ਬਾਅਦ ਆ ਸਕਦਾ ਹੈ ਫੈਸਲਾ
RBI ਦੀ ਮੁਦਰਾ ਨੀਤੀ ਕਮੇਟੀ (MPC) 4 ਜੂਨ ਤੋਂ ਮੀਟਿੰਗ ਸ਼ੁਰੂ ਕਰੇਗੀ ਅਤੇ ਫੈਸਲਾ ਸ਼ੁੱਕਰਵਾਰ, 6 ਜੂਨ ਨੂੰ ਆਵੇਗਾ। RBI ਦੇ ਗਵਰਨਰ ਸੰਜੇ ਮਲਹੋਤਰਾ ਦੀ ਅਗਵਾਈ ਵਾਲੀ ਇਹ ਕਮੇਟੀ ਮਹਿੰਗਾਈ, ਵਿਕਾਸ ਅਤੇ ਵਿਸ਼ਵਵਿਆਪੀ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲਾ ਲਵੇਗੀ।