Russia-Ukraine War: ਰੂਸ ਨੇ ਬੀਤੀ ਰਾਤ ਯੂਕਰੇਨ ‘ਤੇ ਆਪਣਾ ਸਭ ਤੋਂ ਵੱਡਾ ਹਵਾਈ ਹਮਲਾ ਕੀਤਾ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਤੇ 367 ਡਰੋਨ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ।
Russia Air Attack on Ukraine: ਰੂਸ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਰਾਤ ਨੂੰ ਯੂਕਰੇਨ ਦੇ 30 ਤੋਂ ਵੱਧ ਸ਼ਹਿਰਾਂ ਅਤੇ ਪਿੰਡਾਂ ‘ਤੇ ਭਿਆਨਕ ਹਮਲਾ ਕੀਤਾ। ਇਸ ਭਿਆਨਕ ਹਮਲੇ ਵਿੱਚ 13 ਲੋਕਾਂ ਦੀ ਜਾਨ ਚਲੀ ਗਈ, ਜਿਸ ਵਿੱਚ ਜ਼ਾਇਟੋਮਾਇਰ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਕਈ ਦਰਜਨ ਲੋਕ ਜ਼ਖ਼ਮੀ ਹੋਏ ਹਨ। ਕੀਵ, ਖਾਰਕਿਵ, ਮਾਈਕੋਲਾਈਵ, ਟੇਰਨੋਪਿਲ ਅਤੇ ਖਮੇਲਨਿਤਸਕੀ ਵਰਗੇ ਵੱਡੇ ਸ਼ਹਿਰ ਹਮਲੇ ਦੀ ਲਪੇਟ ਵਿੱਚ ਆਏ।
ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਹਮਲੇ ਦੀ ਨਿੰਦਾ ਕਰਦੇ ਹੋਏ ਇੱਕ ਤਿੱਖਾ ਬਿਆਨ ਜਾਰੀ ਕੀਤਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਜ਼ੇਲੇਂਸਕੀ ਨੇ ਟਵੀਟ ਕੀਤਾ, “ਸਾਡੀਆਂ ਐਮਰਜੈਂਸੀ ਟੀਮਾਂ ਲਗਾਤਾਰ ਜ਼ਮੀਨ ‘ਤੇ ਕੰਮ ਕਰ ਰਹੀਆਂ ਹਨ, ਜਿੱਥੇ ਲੋੜ ਹੋਵੇ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਰਹੀਆਂ ਹਨ। ਮੈਂ ਉਨ੍ਹਾਂ ਦੇ ਸਮਰਪਣ ਲਈ ਧੰਨਵਾਦ ਪ੍ਰਗਟ ਕਰਦਾ ਹਾਂ।”
ਜ਼ੇਲੇਂਸਕੀ ਨੇ ਅੱਗੇ ਲਿਖਿਆ ਕਿ ਰੂਸੀ ਹਮਲੇ ਦੀ ਤੀਬਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰੂਸ ਨੇ ਇੱਕ ਹੀ ਰਾਤ ਵਿੱਚ ਲਗਪਗ 300 ਅਟੈਕ ਡਰੋਨਾਂ ਨਾਲ ਹਮਲਾ ਕੀਤਾ। ਇਨ੍ਹਾਂ ਚੋਂ ਜ਼ਿਆਦਾਤਰ ਈਰਾਨ ਵਲੋਂ ਬਣਾਏ ਗਏ ਸ਼ਹੀਦ ਡਰੋਨ ਸੀ, ਜੋ ਯੂਕਰੇਨੀ ਖੇਤਰ ਵਿੱਚ ਭੇਜੇ ਗਏ। ਇਸ ਦੇ ਨਾਲ ਹੀ, ਰੂਸ ਨੇ ਲਗਪਗ 70 ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਨਾਲ ਵੱਖ-ਵੱਖ ਸ਼ਹਿਰਾਂ ‘ਤੇ ਵੀ ਹਮਲਾ ਕੀਤਾ।
ਰੂਸ ਨੇ ਯੂਕਰੇਨ ਦੇ ਇਨ੍ਹਾਂ ਸ਼ਹਿਰਾਂ ਨੂੰ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਮੁਤਾਬਕ, ਰੂਸੀ ਹਮਲਿਆਂ ਦੇ ਮੁੱਖ ਨਿਸ਼ਾਨੇ ਜ਼ਾਇਟੋਮਾਇਰ, ਖਮੇਲਨਿਤਸਕੀ, ਟੇਰਨੋਪਿਲ, ਚੇਰਨੀਹਿਵ, ਸੁਮੀ, ਓਡੇਸਾ, ਪੋਲਟਾਵਾ, ਡਨੀਪਰ, ਮਾਈਕੋਲਾਈਵ, ਖਾਰਕਿਵ ਅਤੇ ਚੇਰਕਾਸੀ ਖੇਤਰ ਸਨ, ਜਿਨ੍ਹਾਂ ਵਿੱਚ ਯੂਕਰੇਨ ਦੀ ਰਾਜਧਾਨੀ ਕੀਵ ਵੀ ਸ਼ਾਮਲ ਸੀ। ਜ਼ਿਆਦਾਤਰ ਹਮਲੇ ਸਿੱਧੇ ਤੌਰ ‘ਤੇ ਨਾਗਰਿਕ ਖੇਤਰਾਂ ‘ਤੇ ਕੀਤੇ ਗਏ। ਕੀਵ ਵਿੱਚ ਯੂਨੀਵਰਸਿਟੀ ਹੋਸਟਲਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਵਿਦਿਆਰਥੀਆਂ ਵਿੱਚ ਦਹਿਸ਼ਤ ਫੈਲ ਗਈ। ਕਈ ਉਦਯੋਗਿਕ ਇਕਾਈਆਂ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਸੀ।
ਜ਼ੇਲੇਂਸਕੀ ਨੇ ਅਮਰੀਕਾ ‘ਤੇ ਕੱਢਿਆ ਗੁੱਸਾ
ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ, “ਇਹ ਹਮਲਾ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਜਾਣਬੁੱਝ ਕੇ ਕੀਤੀ ਗਈ ਰਣਨੀਤੀ ਹੈ। ਬੱਚਿਆਂ ਸਮੇਤ ਬਹੁਤ ਸਾਰੇ ਮਾਸੂਮ ਨਾਗਰਿਕਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਇਹ ਅੱਤਵਾਦ ਹੈ। ਮੇਰੀ ਡੂੰਘੀ ਸੰਵੇਦਨਾ ਹੈ।” ਜ਼ੇਲੇਂਸਕੀ ਨੇ ਇਸ ਹਮਲੇ ਨੂੰ ਰੂਸ ਵਿਰੁੱਧ ਨਵੀਆਂ ਅਤੇ ਸਖ਼ਤ ਪਾਬੰਦੀਆਂ ਲਈ ਕਾਫ਼ੀ ਆਧਾਰ ਕਿਹਾ। ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਦੀ ਚੁੱਪੀ ‘ਤੇ ਸਵਾਲ ਉਠਾਏ, ਉਨ੍ਹਾਂ ਕਿਹਾ, “ਦੁਨੀਆਂ ਭਾਵੇਂ ਵੀਕਐਂਡ ਮਨਾ ਰਹੀ ਹੋਵੇ, ਪਰ ਯੂਕਰੇਨ ਵਿੱਚ ਜੰਗ ਜਾਰੀ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਦੀ ਚੁੱਪੀ ਪੁਤਿਨ ਨੂੰ ਹੋਰ ਹਮਲਾਵਰ ਬਣਾ ਰਹੀ ਹੈ।” ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਰੂਸੀ ਲੀਡਰਸ਼ਿਪ ‘ਤੇ ਅਸਲ ਅਤੇ ਸਖ਼ਤ ਦਬਾਅ ਨਹੀਂ ਪਾਇਆ ਜਾਂਦਾ, ਇਹ ਬੇਰਹਿਮੀ ਨਹੀਂ ਰੁਕੇਗੀ।