Punjab News: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਜਲੰਧਰ ਵਿਖੇ ਕਾਂਗਰਸ ਭਵਨ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਕਾਂਗਰਸੀ ਆਗੂ ਪ੍ਰਗਟ ਸਿੰਘ ਵਲੋਂ ਵਿਧਾਨ ਸਭਾ ਵਿੱਚ ਦਿੱਤੇ ਗਏ ਇਕ ਬਿਆਨ ਦੇ ਖਿਲਾਫ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ “ਸਾਡੇ ਚੋਂ ਕੁਝ ਆਗੂਆਂ ਨੇ ਬੇਅਦਬੀ ਮਾਮਲਿਆਂ ਤੇ ਸਿਆਸਤ ਕੀਤੀ ਹੈ।”
ਧਰਨੇ ਦੌਰਾਨ ਅਕਾਲੀ ਵਰਕਰਾਂ ਨੇ ਪ੍ਰਗਟ ਸਿੰਘ ਅਤੇ ਕਾਂਗਰਸ ਵਿਰੁੱਧ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਤੇ ਕਾਂਗਰਸ ਦਾ ਪੁਤਲਾ ਫੂਕ ਕੇ ਰੋਸ ਪ੍ਰਗਟਾਇਆ ਗਿਆ। ਅਕਾਲੀ ਦਲ ਨੇ ਕਾਂਗਰਸ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਨੇ ਧਾਰਮਿਕ ਮਸਲਿਆਂ ਨੂੰ ਰਾਜਨੀਤੀ ਲਈ ਵਰਤਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ ਦੇ ਆਗੂ ਸਰਬਜੀਤ ਝਿੰਜਰ ਨੇ ਕਿਹਾ ਕਿ “ਕਾਂਗਰਸੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਅਜਿਹੇ ਬਿਆਨ ਦੇ ਰਹੇ ਹਨ। ਉਨ੍ਹਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਹੜੇ ਆਗੂ ਗੁਰੂ ਸਾਹਿਬ ਦੇ ਨਾਮ ਤੇ ਸਿਆਸਤ ਕਰ ਰਹੇ ਹਨ।” ਉਨ੍ਹਾਂ ਚੇਤਾਵਨੀ ਦਿੱਤੀ ਕਿ “ਜੇਕਰ ਪ੍ਰਗਟ ਸਿੰਘ ਨੇ ਆਪਣਾ ਬਿਆਨ ਵਾਪਸ ਨਾ ਲਿਆ ਤਾਂ ਅਗਲਾ ਘਿਰਾਓ ਉਨ੍ਹਾਂ ਦੇ ਘਰ ਅੱਗੇ ਕੀਤਾ ਜਾਵੇਗਾ।”
ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਾਂਗਰਸ ਭਵਨ ਦੇ ਅੰਦਰ ਵੀ ਦਾਖਲ ਹੋ ਗਏ ਅਤੇ ਉਥੇ ਵੀ ਨਾਅਰੇਬਾਜ਼ੀ ਕੀਤੀ। ਰੋਸ ਪ੍ਰਗਟਾਵੇ ਦੇ ਤੌਰ ‘ਤੇ ਰਾਹੁਲ ਗਾਂਧੀ ਅਤੇ ਕਾਂਗਰਸ ਲੀਡਰਸ਼ਿਪ ਦੇ ਪੁਤਲੇ ਨੂੰ ਅੱਗ ਲਾਈ ਗਈ।