Punjab Floods: ਫਤਹਿਗੜ੍ਹ ਸਾਹਿਬ ਵਿਖੇ ਹੜ੍ਹਾਂ ਜਿਹੀ ਕਿਸੇ ਵੀ ਸਥਿਤੀ ਦੇ ਪੈਦਾ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਹੈ ਪਰ ਫਿਰ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ।
Fatehgarh Sahib DC: ਲਗਾਤਾਰ ਪੈ ਰਹੀ ਬਰਸਾਤ ਕਾਰਨ ਹੜ੍ਹਾਂ ਵਰਗੇ ਬਣੇ ਹੋਏ ਹਾਲਾਤ ਨੂੰ ਦੇਖਦਿਆਂ ਹੋਇਆ ਵਰਦੇ ਮੀਂਹ ‘ਚ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਭਾਖੜਾ ਨਹਿਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਪਏ ਹੋਏ ਪਾੜਾਂ ਨੂੰ ਖੁਦ ਬੰਦ ਕਰਵਾਇਆ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਹਾਲਾਂਕਿ ਇਹ ਪਾੜ ਛੋਟੇ ਹੀ ਸਨ ਪਰ ਫਿਰ ਵੀ ਅਹਿਤਿਆਤ ਦੇ ਤੌਰ ਤੇ ਇਨ੍ਹਾਂ ਛੋਟੇ ਪਾੜਾਂ ਨੂੰ ਤਰਜੀਹ ਦੇ ਆਧਾਰ ‘ਤੇ ਬੰਦ ਕਰਵਾਇਆ ਜਾਣਾ ਜ਼ਰੂਰੀ ਸੀ ਕਿਉਂਕਿ ਹਾਲੇ ਵੀ ਤੇਜ਼ ਮੀਂਹ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਹਾਲ ਦੀ ਘੜੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਹੜ੍ਹਾਂ ਜਿਹੀ ਕਿਸੇ ਵੀ ਸਥਿਤੀ ਦੇ ਪੈਦਾ ਹੋਣ ਤੋਂ ਪੂਰੀ ਤਰ੍ਹਾਂ ਬਚਾਅ ਹੈ ਪਰ ਫਿਰ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਅਤੇ ਸਾਰੇ ਹੀ ਅਧਿਕਾਰੀ ਫੀਲਡ ਵਿੱਚ ਦੌਰੇ ਕਰ ਰਹੇ ਹਨ ਅਤੇ ਹਰ ਸਥਿਤੀ ‘ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਫਵਾਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਦੱਸਿਆ ਕਿ ਸਰਹਿੰਦ ਚੋਅ ਅਤੇ ਪਟਿਆਲਾ ਕੀ ਰਾਓ ਵਿਖੇ ਵੀ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਕਾਫ਼ੀ ਹੇਠਾਂ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਹੋਈ ਭਾਰੀ ਬਰਸਾਤ ਕਾਰਨ ਜਿਹੜੇ ਸ਼ਹਿਰੀ ਜਾਂ ਦਿਹਾਤੀ ਖੇਤਰਾਂ ਵਿੱਚ ਬਰਸਾਤੀ ਪਾਣੀ ਦੇ ਇਕੱਤਰ ਹੋਣ ਦੀਆਂ ਸੂਚਨਾਵਾਂ ਮਿਲਣ ਦੀ ਸੂਰਤ ਵਿੱਚ ਫੌਰੀ ਸਬੰਧਤ ਵਿਭਾਗਾਂ ਰਾਹੀਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ।