Punjab Flood Visit Sunil Jakhar; ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਹੜ ਪ੍ਰਭਾਵਿਤ ਅਜਨਾਲਾ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਅਤੇ ਹੜ ਪੀੜਤ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਓਹਨਾ ਨਾਲ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਅਮਰਪਾਲ ਸਿੰਘ ਬੋਨੀ ਅਜਨਾਲਾ ਵੀ ਹਾਜ਼ਰ ਸਨ l ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਅਤੇ ਸਹਾਇਤਾ ਨਾ ਪਹੁੰਚਾਉਣ ਦੇ ਦੋਸ਼ ਲਾਏ ਤੇ ਕਿਹਾ ਕਿ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਹੋਏ ਵੱਡੇ ਨੁਕਸਾਨ ਲਈ ਪੰਜਾਬ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ। ਜਾਖੜ ਨੇ ਸਪੱਸ਼ਟ ਕੀਤਾ ਕਿ ਉਹ ਰਾਜਨੀਤੀ ਕਰਨ ਨਹੀਂ, ਸਗੋਂ ਸਰਕਾਰ ਨੂੰ ਉਸ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਅਤੇ ਹੜ ਪੀੜਤਾਂ ਦੀ ਮਦਦ ਲਈ ਆਏ ਹਨ।
ਉਨ੍ਹਾਂ ਨੇ ਕਿਹਾ, “ਭਾਜਪਾ ਨੇ ਹੜਾਂ ਦੀ ਗੰਭੀਰਤਾ ਨੂੰ ਵੇਖਦਿਆਂ ਆਪਣੇ ਸੁਵਿਧਾ ਕੈਂਪ ਮੁਲਤਵੀ ਕਰ ਦਿੱਤੇ ਹਨ, ਕਿਉਂਕਿ ਅਸੀਂ ਦੁੱਖ ਦੀ ਇਸ ਘੜੀ ਵਿੱਚ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ।” ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਖ਼ਤ ਸ਼ਬਦਾਂ ਵਿੱਚ ਕਿਹਾ, “ਤੁਸੀਂ ਪੰਜਾਬ ਨੂੰ ਨਾ ਭੁੱਲੋ। ਇਹ ਤਬਾਹੀ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਹੋਈ ਹੈ। ਹੜ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਨਾ ਰਾਸ਼ਨ ਮਿਲ ਰਿਹਾ ਹੈ, ਨਾ ਪਾਣੀ ਕੱਢਣ ਲਈ ਤੇਲ ਅਤੇ ਨਾ ਹੀ ਕੋਈ ਸਰਕਾਰੀ ਸਹਾਇਤਾ ਪਹੁੰਚ ਰਹੀ ਹੈ। ਸਰਕਾਰ ਵੱਲੋਂ ਸਿਰਫ ਪ੍ਰਚਾਰ ਹੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ ਅਤੇ ਪੰਜਾਬ ਦੇ ਆਮ ਲੋਕ ਹੀ ਹੜ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ, ਜਦਕਿ ਸਰਕਾਰ ਪੂਰੀ ਤਰ੍ਹਾਂ ਨਾਲ ਅਸਫਲ ਸਾਬਤ ਹੋਈ ਹੈ। ਜਾਖੜ ਨੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੰਦਿਆਂ ਕਿਹਾ, “ਆਪਣੀ ਜ਼ਿੰਮੇਵਾਰੀ ਸੰਭਾਲੋ, ਜਵਾਬ ਤੁਹਾਡੇ ਤੋਂ ਬਾਅਦ ਵਿੱਚ ਮੰਗਿਆ ਜਾਵੇਗਾ।”
ਕੇਂਦਰ ਸਰਕਾਰ ਦੀ ਮਦਦ ਅਤੇ ਪੰਜਾਬ ਸਰਕਾਰ ਦੀ ਅਸਫਲਤਾ
ਸੁਨੀਲ ਜਾਖੜ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਪੰਜਾਬ ਨੂੰ ਨਿਰਧਾਰਿਤ ਫੰਡ 611 ਕਰੋੜ ਰੁਪਏ ਵਿੱਚੋਂ 229 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ, ਪਰ ਪੰਜਾਬ ਸਰਕਾਰ ਨੇ ਇਸ ਰਾਸ਼ੀ ਦਾ ਸਹੀ ਇਸਤੇਮਾਲ ਨਹੀਂ ਕੀਤਾ। ਉਨ੍ਹਾਂ ਨੇ ਸਵਾਲ ਚੁੱਕਿਆ, “ਇਹ ਪੈਸਾ ਕਿੱਥੇ ਖਰਚ ਹੋਇਆ? ਸਰਕਾਰ ਨੇ ਨਾ ਕੋਈ ਪ੍ਰਬੰਧ ਕੀਤਾ ਅਤੇ ਨਾ ਹੀ ਅਗਾਊਂ ਮੀਟਿੰਗਾਂ ਕਰਕੇ ਤਿਆਰੀ ਕੀਤੀ।” ਜਦੋਂ ਕਿ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਹੋ ਚੁੱਕਾ ਹੈ।
ਜਾਖੜ ਨੇ ਸਰਹੱਦੀ ਇਲਾਕਿਆਂ ਵਿੱਚ ਅੰਨ੍ਹੇਵਾਹ ਮਾਈਨਿੰਗ ਨੂੰ ਵੀ ਵੱਡੀ ਤਬਾਹੀ ਦਾ ਕਾਰਨ ਦੱਸਿਆ। ਉਨ੍ਹਾਂ ਕਿਹਾ, “ਮਾਈਨਿੰਗ ਕਾਰਨ ਬੰਨ੍ਹ ਟੁੱਟੇ, ਜਿਸ ਦੇ ਨਤੀਜੇ ਵਜੋਂ ਜਿਲ੍ਹਾ ਪਠਾਨਕੋਟ, ਗੁਰਦਾਸਪੁਰ ਅਤੇ ਅਜਨਾਲਾ ਹਲਕਿਆਂ ਵਿੱਚ ਵੱਡਾ ਨੁਕਸਾਨ ਹੋਇਆ।” ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਸੇਮ ਨਾਲਿਆਂ ਦੀ ਸਫਾਈ ਵੀ ਨਹੀਂ ਕੀਤੀ ਗਈ, ਜਿਸ ਕਾਰਨ ਹੜਾਂ ਦੀ ਸਥਿਤੀ ਹੋਰ ਵਿਗੜੀ।
ਕੇਂਦਰ ਸਰਕਾਰ ਅਤੇ ਹਰਿਆਣਾ ਦੀ ਮਦਦ ਲਈ ਤਿਆਰ
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਖੜੀ ਹੈ ਕਿਉਕਿ ਪੰਜਾਬ ਦੇਸ਼ ਦਾ ਅਹਿਮ ਅੰਗ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਕਿ ਉਹ ਕੇਂਦਰ ਸਰਕਾਰ ਕੋਲ ਜਾ ਕੇ ਜੋ ਮਰਜ਼ੀ ਸਹਾਇਤਾ ਮੰਗ ਸਕਦੇ ਹਨ, ਕਿਉਂਕਿ ਕੇਂਦਰ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ। ਇਸ ਦੇ ਨਾਲ ਹੀ, ਉਨ੍ਹਾਂ ਨੇ ਖੁਲਾਸਾ ਕੀਤਾ ਕਿ ਹਰਿਆਣਾ ਸਰਕਾਰ ਵੀ ਮਦਦ ਲਈ ਤਿਆਰ ਹੈ, ਪਰ ਪੰਜਾਬ ਸਰਕਾਰ ਸਹਾਇਤਾ ਲੈਣ ਤੋਂ ਝਿਜਕ ਰਹੀ ਹੈ।
ਜਾਖੜ ਨੇ ਐਲਾਨ ਕੀਤਾ ਕਿ ਉਹ ਭਾਜਪਾ ਸੂਬਾ ਪ੍ਰਧਾਨ ਦੇ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਹੜ ਪ੍ਰਭਾਵਿਤ ਲੋਕਾਂ ਲਈ ਹੋਰ ਸਹਾਇਤਾ ਦੀ ਮੰਗ ਕਰਨਗੇ। ਉਨ੍ਹਾਂ ਨੇ ਕਿਹਾ, “ਅੱਜ ਗਰੀਬਾਂ ਅਤੇ ਕਿਸਾਨਾਂ ਨੂੰ ਸਰਕਾਰ ਦੀ ਸਭ ਤੋਂ ਵੱਡੀ ਲੋੜ ਹੈ। ਮੁੱਖ ਮੰਤਰੀ ਮਾਨ ਸਾਹਿਬ, ਅਜੇ ਵੀ ਸਮਾਂ ਹੈ, ਸੰਭਲ ਜਾਓ ਤੇ ਲੋਕਾਂ ਦੀ ਸਾਰ ਲੈ ਲਓ ਨਹੀਂ ਤਾਂ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ।”
ਕਿਸਾਨਾਂ ਅਤੇ ਗਰੀਬਾਂ ਦਾ ਨੁਕਸਾਨ
ਜਾਖੜ ਨੇ ਦੱਸਿਆ ਕਿ ਹੜਾਂ ਕਾਰਨ ਝੋਨੇ ਦੀ ਫਸਲ ਪੂਰੀ ਤਰ੍ਹਾਂ ਮਾਰੀ ਗਈ ਹੈ ਅਤੇ ਕਣਕ ਦੀ ਬਿਜਾਈ ਵੀ ਸੰਭਵ ਨਹੀਂ ਹੋ ਸਕੇਗੀ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਪੀੜਤ ਲੋਕਾਂ ਦੀ ਤੁਰੰਤ ਮਦਦ ਕਰਨੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਹੈਲੀਕਾਪਟਰ ਦੇਣ ਨਾਲ ਲੋਕਾਂ ਦਾ ਨਾਂ ਤਾਂ ਢਿੱਡ ਭਰਨਾ ਹੈ ਤੇ ਨਾ ਹੀ ਉਹਨਾਂ ਦੀ ਮਦਦ ਹੋ ਸਕਦੀ ਹੈ। ਇਸ ਲਈ ਲੋੜ ਹੈ ਕਿ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚੇ ਤੇ ਉਹਨਾਂ ਦੇ ਮੁੜ ਵਸੇਬੇ ਲਈ ਪ੍ਰਬੰਧ ਹੋਣ।
ਅੰਤ ਵਿੱਚ, ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਮੁੜ ਵਸੇਬੇ ਦੇ ਕੰਮ ਸ਼ੁਰੂ ਕਰੇ। ਉਨ੍ਹਾਂ ਨੇ ਕਿਹਾ, “ਮੈਂ ਜਿੱਥੇ ਵੀ ਜਾਣ ਦੀ ਲੋੜ ਹੋਈ, ਜਾਣ ਨੂੰ ਤਿਆਰ ਹਾਂ। ਪੰਜਾਬ ਦੇ ਲੋਕਾਂ ਦੀ ਮਦਦ ਲਈ ਭਾਜਪਾ ਪੂਰੀ ਤਰ੍ਹਾਂ ਵਚਨਬੱਧ ਹੈ।”