Punjab News; ਪੁੱਤਰ ਆਪਣੇ ਪਿਤਾ ਦਾ ਲੋਕ ਜਿੱਥੇ ਰੱਬ ਵਰਗਾ ਆਸਰਾ ਮੰਨਦੇ ਹਨ, ਉੱਥੇ ਹੀ ਕਰਤਾਰਪੁਰ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਇੱਕ ਕਲਯੁੱਗੀ ਪੁੱਤਰ ਨੇ ਰੱਬ ਸਮਾਨ ਪਿਤਾ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਮੁਤਾਬਿਕ ਪੁੱਤਰ ਨੇ ਮਾਂ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੇ ਕੰਵਰ ਪਾਲ ਪੀ.ਪੀ.ਐਸ ਉਪ ਪੁਲਿਸ ਕਪਤਾਨ (ਪੀ.ਬੀ.ਆਈ) ਐਨ.ਡੀ.ਪੀ.ਐਸ-ਕਮ-ਨਾਰਕੋਟਿਕ ਕਮ ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 23.05.2025 ਨੂੰ ਰਮਨਦੀਪ ਸਿੰਘ INSP /SHO ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਏਰੀਆ ਕਰਤਾਰਪੁਰ ਮੌਜੂਦ ਸੀ ਕਿ INSP/SHO ਨੂੰ ਇਤਲਾਹ ਮਿਲੀ ਕਿ ਜੰਡੇ ਸਰਾਏ ਰੋਡ ਨੇੜੇ ਬੜਾ ਪਿੰਡ ਸੜਕ ਦੇ ਕਿਨਾਰੇ ਮੱਕੀ ਦੇ ਖੇਤ ਵਿੱਚ ਜਸਵੀਰ ਸਿੰਘ ਪੁੱਤਰ ਲੇਟ ਕਰਮ ਸਿੰਘ ਉਰਫ ਗੁਰਮੀਤ ਸਿੰਘ ਵਾਸੀ ਬੋਪਾਰਾਏ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਹੋਈ ਹੈ। ਜਿਸਦੇ ਸਿਰ ਵਿੱਚ ਤੇ ਹੋਰ ਸਰੀਰ ਪਰ ਤੇਜਧਾਰ ਹਥਿਆਰਾਂ ਨਾਲ ਸੱਟਾਂ ਲੱਗੀਆਂ ਹਨ। ਜਿਸ ਤੇ INSP/SHO ਸਮੇਤ ਸਾਥੀ ਕਰਮਚਾਰੀਆਂ ਦੇ ਪਿੰਡ ਧੀਰਪੁਰ ਪੁੱਜ ਕੇ ਮ੍ਰਿਤਕ ਜਸਵੀਰ ਸਿੰਘ ਉਕਤ ਦੀ ਮਾਤਾ ਸੇਵਾ ਕੌਰ ਦਾ ਬਿਆਨ ਦਰਜ ਕੀਤਾ ਅਤੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਜਸਵੀਰ ਸਿੰਘ ਅਤੇ ਦੋਸ਼ਣ ਨਛੱਤਰ ਕੌਰ ਪਤਨੀ ਜਸਵੀਰ ਸਿੰਘ ਵਾਸੀਆਨ ਪਿੰਡ ਬੋਪਾਰਾਏ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਨੂੰ ਨਵਾਂ ਪਿੰਡ ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਤੋ ਗ੍ਰਿਫਤਾਰ ਕੀਤਾ ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ:. ਗੁਰਵਿੰਦਰ ਸਿੰਘ ਉਰਫ ਹਿੰਦਾ ਪੁੱਤਰ ਜਸਵੀਰ ਸਿੰਘ ਵਾਸੀ ਬੋਪਾਰਾਏ ਥਾਣਾ ਭੁਲੱਥ ਜਿਲਾ ਕਪੂਰਥਲਾ ਅਤੇ ਨਛੱਤਰ ਕੌਰ ਪਤਨੀ ਜਸਵੀਰ ਸਿੰਘ ਵਾਸੀ ਪਿੰਡ ਬੋਪਾਰਾਏ ਥਾਣਾ ਭੁਲੱਥ ਜਿਲ੍ਹਾ ਕਪੂਰਥਲਾ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਹਨਾਂ ਦੱਸਿਆ ਕਿ ਇਹਨਾ ਦਾ ਆਪਸ ਵਿੱਚ ਘਰੇਲੂ ਝਗੜਾ ਰਹਿੰਦਾ ਸੀ ਜਿਸ ਸਬੰਧੀ ਇਹਨਾ ਦਾ ਆਪਸੀ ਤਕਰਾਰ ਹੋ ਗਿਆ ਜਿਸਤੇ ਦੋਸ਼ੀਆ ਨੇ ਹਮਸਲਾਹ ਹੋ ਕੇ ਮ੍ਰਿਤਕ ਦੇ ਸੱਟਾਂ ਮਾਰ ਦਿੱਤੀਆਂ ਜਿਸ ਨਾਲ ਉਸਦੀ ਮੌਤ ਹੋ ਗਈ ਤੇ ਇਹਨਾ ਨੇ ਲਾਸ਼ ਦੇ ਮੂੰਹ ਤੇ ਲਿਫਾਫਾ ਬੰਨ ਕੇ ਲਾਸ਼ ਨੂੰ ਬੋਰੇ ਵਿੱਚ ਪਾ ਕੇ ਤੇ ਗੱਡੀ ਵਿੱਚ ਲੱਦ ਕੇ ਬੜਾ ਪਿੰਡ ਸੜਕ ਕਿਨਾਰੇ ਖੇਤਾਂ ਵਿੱਚ ਸੁੱਟ ਗਏ।