Kapurthala News: ਚੋਰੀ ਦੀਆਂ ਕੁੱਝ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈਆਂ ਤੇ ਸਾਹਮਣੇ ਆਈ ਤਸਵੀਰਾਂ ਮੁਤਾਬਕ ਇਹ ਤਿੰਨੇ ਵਰਾਦਾਤਾਂ ਰਾਤ ਦੋ ਵਜੇ ਤੋਂ ਬਾਅਦ ਵਾਪਰੀਆਂ ਹਨ।
Thieves Targeted Three Houses in one Night: ਕਪੂਰਥਲਾ ‘ਚ ਪੁਲਿਸ ਤੋਂ ਬੇਖ਼ੌਫ ਹੋਏ ਚੋਰਾਂ ਦੇ ਹੌਂਸਲੇ ਕਾਫੀ ਬੁਲੰਦ ਹੋ ਗਏ ਹਨ। ਬੀਤੀ ਰਾਤ ਇੱਥੇ ਦੀ ਰਜੀਵ ਗਾਂਧੀ ਇਨਕਲੇਵ ‘ਚ ਚੋਰਾਂ ਨੇ ਇੱਕੋ ਰਾਤ ਤਿੰਨ ਕੋਠੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ। ਵਾਰਦਾਤ ਦੌਰਾਨ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਸਮੇਤ ਹੋਰ ਕੀਮਤੀ ਸਮਾਨ ‘ਤੇ ਹੱਥ ਸਾਫ਼ ਕਰ ਮੌਕੇ ਤੋਂ ਫ਼ਰਾਰ ਹੋ ਗਏ।
ਚੋਰੀ ਦੀਆਂ ਕੁੱਝ ਘਟਨਾਵਾਂ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈਆਂ ਤੇ ਸਾਹਮਣੇ ਆਈ ਤਸਵੀਰਾਂ ਮੁਤਾਬਕ ਇਹ ਤਿੰਨੇ ਵਰਾਦਾਤਾਂ ਰਾਤ ਦੋ ਵਜੇ ਤੋਂ ਬਾਅਦ ਵਾਪਰੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਬਤੌਰ ਅਧਿਆਪਕ ਸੇਵਾਵਾਂ ਦੇ ਰਹੀ ਅਧਿਆਪਕਾ ਸਤੀਸ਼ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਸਮੇਤ ਤਿੰਨ ਦਿਨਾਂ ਲਈ ਰਿਸ਼ਤੇਦਾਰੀ ‘ਚ ਸ਼ਹਿਰੋਂ ਬਾਹਰ ਗਏ ਹੋਏ ਸੀ। ਜਦੋਂ ਅੱਜ ਉਨ੍ਹਾਂ ਨੇ ਕਲੋਨੀ ਦੇ ਵ੍ਹੱਟਸਅਪ ਗਰੁੱਪ ‘ਚ ਸਵੇਰੇ ਚੋਰੀ ਦੀ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਘਰ ਵਿਚ ਲੱਗੇ ਕੈਮਰਿਆਂ ਨੂੰ ਮੋਬਾਈਲ ਵਿਚ ਖੋਲ ਕੇ ਦੇਖਿਆ ਤਾਂ ਚੋਰਾਂ ਨੇ ਉਨ੍ਹਾਂ ਦੇ ਘਰ ‘ਚ ਵੀ ਧਾਵਾ ਬੋਲਿਆ। ਉਨ੍ਹਾਂ ਦੱਸਿਆ ਕਿ ਚੋਰ ਉਨ੍ਹਾਂ ਦੇ ਘਰੋਂ ਸੋਨੇ ਤੇ ਚਾਂਦੀ ਦੇ ਗਹਿਣਿਆਂ ਸਮੇਤ ਕੁਝ ਨਕਦੀ ਲੈ ਕੇ ਫ਼ਰਾਰ ਹੋ ਗਏ ਹਨ ਤੇ ਉਨ੍ਹਾਂ ਦਾ ਕਰੀਬ 10 ਤੋਂ 12 ਲੱਖ ਰੁਪਏ ਦਾ ਨੁਕਸਾਨ ਹੋ ਗਿਆ।
ਉਧਰ ਚੋਰਾਂ ਦੇ ਸਤਾਏ ਦੂਜੇ ਪੀੜਤ ਪਰਿਵਾਰ ਇੱਬਣ ਸਕੂਲ ਵਿਖੇ ਅਧਿਆਪਕ ਕਰਮਜੀਤ ਗਿੱਲ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਜਸਪ੍ਰੀਤ ਗਿੱਲ ਦਾ ਮਕਾਨ ਵੀ ਉਨ੍ਹਾਂ ਦੇ ਨਾਲ ਹੀ ਇਸੇ ਕਲੋਨੀ ਵਿਚ ਹੈ। ਬੀਤੀ ਰਾਤ ਉਸਦੇ ਭਰਾ ਨਾਲ ਰਹਿੰਦੇ ਮਾਤਾ ਕਮਲਜੀਤ ਸਾਡੇ ਘਰ ਆਏ ਹੋਏ ਸੀ ਤੇ ਭਰਾ ਦੇ ਘਰ ਤਾਲਾ ਲੱਗਾ ਹੋਇਆ ਸੀ, ਜਿਸ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਤਾਲੇ ਤੋੜ ਕੇ ਗਹਿਣੇ ਤੇ ਨਕਦੀ ਸਮੇਤ ਕਰੀਬ 7 ਲੱਖ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ।

ਚੋਰਾਂ ਨੇ ਬੰਦ ਘਰਾਂ ਨੂੰ ਬਣਾਇਆ ਨਿਸ਼ਾਨਾ
ਤੀਸਰੀ ਚੋਰੀ ਦੀ ਘਟਨਾ ਰਜੀਵ ਗਾਂਧੀ ਇਨਕਲੇਵ ਕਲੋਨੀ ਵਿਚ ਹੋਈ। ਜਿੱਥੇ ਇੱਕ ਹੋਰ ਤਾਲਾ ਬੰਦ ਕੋਠੀ ਵਿਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ।| ਕਲੋਨੀ ਵਾਲਿਆਂ ਦਾ ਕਹਿਣਾ ਹੈ ਕਿ ਇੱਥੇ ਰਹਿੰਦੇ ਪਰਿਵਾਰਕ ਮੈਂਬਰ ਕਰੀਬ ਇੱਕ ਦੋ ਮਹੀਨੇ ਤੋਂ ਬੰਗਲੌਰ ਗਏ ਹੋਏ ਹਨ ਤੇ ਚੋਰਾਂ ਨੇ ਤਾਲੇ ਤੋੜ ਕੇ ਉਨ੍ਹਾਂ ਦੇ ਘਰੋਂ ਵੀ ਨਕਦੀ ਤੇ ਗਹਿਣੇ ਚੋਰੀ ਕੀਤੇ। ਜਿਸਦੀ ਵਧੇਰੇ ਜਾਣਕਾਰੀ ਮਕਾਨ ਮਾਲਕ ਦੇ ਬੰਗਲੌਰ ਤੋਂ ਆਉਣ ‘ਤੇ ਹੀ ਪਤਾ ਲੱਗੇਗੀ।
ਇਨ੍ਹਾਂ ਚੋਰੀ ਦੀਆਂ ਘਟਨਾਵਾਂ ਦੀ ਸੂਚਨਾ ਮਿਲਣ ਮਗਰੋਂ ਥਾਣਾ ਸਿਟੀ ਦੀ ਪੁਲਿਸ ਤੇ ਫੋਰੈਂਸਿਕ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਤੇ ਵਾਰਦਾਤ ਦੀ ਜਾਣਕਾਰੀ ਇਕੱਤਰ ਕੀਤੀ। ਇੱਕੋ ਰਾਤ ‘ਚ ਚੋਰੀ ਦੀਆਂਂ ਤਿੰਨ ਵਾਰਦਾਤਾਂ ਹੋਣ ਮਗਰੋਂ ਕਲੋਨੀ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ। ਕਲੋਨੀ ਵਿਚ ਰਾਤ ਸਮੇਂ ਚੌਕੀਦਾਰ ਹੋਣ ਦੇ ਬਾਵਜੂਦ ਵੀ ਇਹ ਘਟਨਾਵਾਂ ਵਾਪਰੀਆਂ।
ਇਸ ਬਾਰੇ ਵਾਰਡ ਕੌਂਸਲਰ ਹਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਨਗਰ ਸੁਧਾਰ ਟਰੱਸਟ ਵਲੋਂ ਕਲੋਨੀ ਕੱਟੀ ਹੋਈ ਹੈ। ਟਰੱਸਟ ਨੇ ਉਨ੍ਹਾਂ ਨੂੰ ਸੁਰੱਖਿਆ ਤਾਂ ਕੀ ਦੇਣੀ ਸਗੋਂ ਕਲੋਨੀ ਵਾਸੀਆਂ ਨੂੰ ਆਪਣੀ ਸੁਰੱਖਿਆ ਲਈ ਗੇਟ ਤੱਕ ਨਹੀਂ ਲਗਾਉਣ ਦਿੰਦੇ। ਉਨ੍ਹਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਵਾਰਦਾਤਾਂ ਨੂੰ ਹੱਲ ਕਰਕੇ ਪੀੜਤ ਪਰਿਵਾਰ ਨੂੰ ਚੋਰੀ ਦਾ ਸਮਾਨ ਵਾਪਸ ਦਿਵਾਇਆ ਜਾਵੇ।