Punjabi Influencer Murder; ਪੰਜਾਬ ਵਿੱਚ ਇਸ ਸਮੇਂ ਇੱਕ ਮੁੱਦਾ ਕਾਫੀ ਗਰਮਾਇਆ ਹੋਇਆ ਹੈ, ਜੀ ਹਾਂ…ਅਸੀਂ ਗੱਲ ਕਰ ਰਹੇ ਹਾਂ ਸੋਸ਼ਲ ਮੀਡੀਆ ਪ੍ਰਭਾਵਕ ਕੰਚਨ ਉਰਫ਼ ਕਮਲ ਕੌਰ ‘ਭਾਬੀ’ ਦੀ, ਜਿਸ ਦਾ ਕਤਲ ਕਰ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਪੁਲਿਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀ ਦੱਸੇ ਜਾ ਰਹੇ ਹਨ।
ਪੁਲਿਸ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਮਹਿਰੋਂ ਮ੍ਰਿਤਕ ਕੰਚਨ ਕੁਮਾਰੀ (ਕਮਲ ਕੌਰ) ਦੇ ਘਰ ਵੀ ਗਿਆ ਸੀ ਅਤੇ ਉਸ ਨੂੰ ਆਪਣਾ ਸੋਸ਼ਲ ਮੀਡੀਆ ਦਾ ਕੰਟੈਂਟ ਬੰਦ ਕਰਨ ਦੀ ਚੇਤਾਵਨੀ ਵੀ ਦਿੱਤੀ ਸੀ। ਹੁਣ ਇਸ ਪੂਰੇ ਮਾਮਲੇ ਉਤੇ ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਆਪਣੀ ਰਾਏ ਰੱਖੀ ਹੈ, ਜੋ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ।
ਆਪਣੇ ਫੇਸਬੁੱਕ ਪੇਜ ਉਤੇ ਪੋਸਟ ਸਾਂਝੀ ਕਰਦੇ ਹੋਏ ਨਿਰਦੇਸ਼ਕ ਨੇ ਕਿਹਾ, “ਸੰਸਾਰ ਵਿੱਚ ਬਹੁਤ ਕੁਝ ਮਾੜਾ ਹੈ। ਬਹੁਤ ਕੁਝ ਚੰਗਾ ਹੈ। ਤੁਹਾਨੂੰ ਕੀ ਦਿੱਸਦਾ ਹੈ, ਨਿਰਭਰ ਇਸ ਗੱਲ ‘ਤੇ ਕਰਦਾ ਹੈ ਕਿ ਤੁਹਾਡੀ ਨਜ਼ਰ ਵੇਖਦੀ ਕੀ ਹੈ। ਤੁਸੀਂ ਮਾੜਾ ਵੇਖਣਾ ਬੰਦ ਕਰ ਦਿਓ। ਸੋਸ਼ਲ-ਮੀਡੀਏ ਦੀਆਂ ‘ਐਲਗੋਰਿਦਮਜ਼’ ਵਾਂਗ ਜ਼ਿੰਦਗੀ ਦੀਆਂ ‘ਐਲਗੋਰਿਦਮਜ਼’ ਵੀ ਤੁਹਾਨੂੰ ਮਾੜਾ ਵਿਖਾਉਣਾ ਬੰਦ ਕਰ ਦੇਣਗੀਆਂ। ਸਮਝੋ, ਸੁਧਰ ਗਿਆ ਸਮਾਜ।”
ਉਹਨਾਂ ਨੇ ਅੱਗੇ ਲਿਖਿਆ, “ਇੱਥੇ ਸੋਸ਼ਲ ਮੀਡੀਆ ‘ਤੇ ਕਿੰਨੀਆਂ ਕੁੜੀਆਂ ਹਨ। ਜੋ ਬਹੁਤ ਸੋਹਣੀਆਂ ਅਤੇ ਸਾਫ਼-ਸੁਥਰੀਆਂ ਰੀਲਾਂ ਬਣਾਉਂਦੀਆਂ ਹਨ। ਪੜ੍ਹਾਈ-ਲਿਖਾਈ ਅਤੇ ਸਿਹਤ ਸੰਬੰਧੀ ਗੱਲਾਂ ਕਰਦੀਆਂ ਹਨ। ਦੋ-ਦੋ ਹਜ਼ਾਰ ਵੀ ਉਨ੍ਹਾਂ ਦੇ ਫਾਲੋਅਰ ਨਹੀਂ। ਪਰ ਇਹ ਕੁੜੀ ਜੋ ‘ਗੰਦ ਪਰੋਸਣ’ ਦੇ ਇਲਜ਼ਾਮ ਵਿੱਚ ਮਾਰ ਦਿੱਤੀ ਗਈ, ਉਸਨੂੰ 4 ਲੱਖ ਦੇ ਕਰੀਬ ਲੋਕ ਵੇਖਦੇ ਸਨ। ਜੇ ਇਨ੍ਹਾਂ ਚਾਰ ਲੱਖ ਵਿੱਚੋਂ ਪੰਜਾਹ ਹਜ਼ਾਰ ਨੇ ਵੀ ਚੰਗੀਆਂ ਰੀਲਾਂ ਬਣਾਉਣ ਵਾਲੀਆਂ ਕੁੜੀਆਂ ਨੂੰ ਫਾਲੋ ਕੀਤਾ ਹੁੰਦਾ, ਸ਼ਾਇਦ ਇਹ ਕੁੜੀ ਚੰਗੀਆਂ ਰੀਲਾਂ ਹੀ ਬਣਾਉਂਦੀ ਹੁੰਦੀ।”

ਅੱਗੇ ਲਿਖਦੇ ਹੋਏ ਨਿਰਦੇਸ਼ਕ ਨੇ ਕਿਹਾ, “ਸਮਾਜ ਵਿੱਚ ਮਾੜੀ ਕਲਾ ਕਦੋਂ ਜ਼ੋਰ ਫੜ੍ਹਦੀ ਹੈ? ਜਦੋਂ ਲੋਕ ਚੰਗੀ ਕਲਾ ਵੇਖਣੀ ਬੰਦ ਕਰ ਦਿੰਦੇ ਹਨ। ਤੁਸੀਂ ਚੰਗੇ ਕਲਾਕਾਰਾਂ ਨੂੰ ਵੇਖਣਾ-ਸੁਣਨਾ ਸ਼ੁਰੂ ਕਰ ਦਿਓ, ਮਾੜੇ ਆਪੇ ਭੁੱਖੇ ਮਰ ਜਾਣਗੇ। ਪਰ ਉਹ ਨਹੀਂ ਮਰਦੇ। ਭੁੱਖੇ ਸਦਾ ਚੰਗੇ ਕਲਾਕਾਰ ਮਰਦੇ ਹਨ। ਕਿਉਂ! ਕਿਉਂਕਿ ਤੁਹਾਡੀਆਂ ‘ਐਲਗੋਰਿਦਮਜ਼’ ਲੱਭਦੀਆਂ ਹੀ ਮਾੜਿਆਂ ਨੂੰ ਹਨ।”
‘ਸਟੂਪਿਡ 7’ ਦੇ ਨਿਰਦੇਸ਼ਕ ਨੇ ਅੱਗੇ ਕਿਹਾ, “ਇਹ ਵੀ ਭੁੱਲ ਜਾਓ ਕਿ ਇੱਕ ਨੂੰ ਮਾਰੇ ਨਾਲ ਇਹ ਰੁਝਾਨ ਖਤਮ ਹੋ ਜਾਵੇਗਾ। ਇਤਿਹਾਸ ਫਰੋਲ ਕੇ ਵੇਖੋ, ਕੋਈ ਯੁੱਗ, ਕੋਈ ਸਮਾਂ ਅਜਿਹਾ ਨਹੀਂ ਸੀ ਜਦੋਂ ਸੰਸਾਰ ਉੱਤੇ ਮਾੜੀ ਕਲਾ ਅਤੇ ਮਾੜੇ ਕਲਾਕਾਰ ਨਹੀਂ ਸਨ। ਜਦੋਂ ਅੰਗ-ਪ੍ਰਦਰਸ਼ਨ ਅਤੇ ਦੇਹ-ਵਪਾਰ ਨਹੀਂ ਸੀ ਹੁੰਦਾ। ਅਗਾਂਹ ਵੀ ਹੋਵੇਗਾ। ਭੁੱਖਾਂ ਨੇ…ਜੋ ਕਿਸੇ ਨੂੰ ਨੰਗਾ ਨੱਚਵਾਉਂਦੀਆਂ ਹਨ ਅਤੇ ਕਿਸੇ ਨੂੰ ਨੰਗੇਜ਼ ਵੇਖਣ ਲਈ ਮਜ਼ਬੂਰ ਕਰਦੀਆਂ ਹਨ। ਜਦੋਂ ਤੱਕ ਭੁੱਖਾਂ ਨੇ, ਮਾੜੀ ਕਲਾ ਵੀ ਰਹੇਗੀ। ਜੇ ਮਾੜੀ ਕਲਾ ਕਿਸੇ ਕਲਾਕਾਰ ਨੂੰ ਮਾਰੇ ਨਾਲ ਮੁੱਕਦੀ ਹੁੰਦੀ ਤਾਂ ਚਮਕੀਲੇ ਨਾਲ ਮੁੱਕ ਜਾਣੀ ਚਾਹੀਦੀ ਸੀ। ਇਹ ਵੀ ਭੁੱਲ ਜਾਓ ਕਿ ਇਹ ਬਿਹਾਰੀ ਨੇ ਜੋ ਪੰਜਾਬ ਵਿੱਚ ਆ ਕੇ ਗੰਦ ਪਾਉਂਦੇ ਨੇ। ਵਿਦੇਸ਼ੀ ਵੱਸਦੇ ਮਿੱਤਰ ਇਸ ਗੱਲ ਦੀ ਤਸਦੀਕ ਕਰ ਸਕਦੇ ਨੇ ਕਿ ਉੱਧਰ ਸਾਡੀਆਂ ਵੀ ਕੁਝ ਕੁੜੀਆਂ ਬਥੇਰਾ ਅਜਿਹਾ ਕੁਝ ਕਰਦੀਆਂ ਨੇ।”
ਆਪਣੀ ਪੋਸਟ ਦਾ ਅੰਤ ਕਰਦੇ ਹੋਏ ਉਹਨਾਂ ਨੇ ਲਿਖਿਆ, “ਹੁਣ ਮੇਰੇ ਨਾਲ ਬਹਿਸਣ ਨਾਲ ਮਸਲਾ ਹੱਲ ਨਹੀਂ ਹੋਣਾ। ਜਾਓ ਅਤੇ ਆਪਣੇ ਗਲੀ-ਗੁਆਂਢ ਦੇ ਕਿਸੇ ਚੰਗੇ ਕਲਾਕਾਰ ਨੂੰ ਲੱਭੋ। ਉਸਨੂੰ ਸੁਣੋ ਅਤੇ ਅੱਗੇ ਵਧਣ ਲਈ ਉਸ ਦੀ ਮਦਦ ਕਰੋ। ਤੁਸੀਂ ਇਹ ਕਮਾਲ ਕਰ ਦਿਓਗੇ ਤਾਂ ਫਿਰ ਕੋਈ ਕਮਲ ਨਹੀਂ ਹੋਵੇਗੀ।” 2013 ਵਿੱਚ ਆਈ ‘ਸਟੂਪਿਡ 7’ ਨਾਲ ਅਪਣੇ ਡਾਇਰੈਕਟੋਰੀਅਲ ਸਫ਼ਰ ਦਾ ਅਗਾਜ਼ ਕਰਨ ਵਾਲੇ ਪਾਲੀ ਭੁਪਿੰਦਰ ਨੇ 11 ਸਾਲਾਂ ਬਾਅਦ ਨਿਰਦੇਸ਼ਕ ਦੇ ਰੂਪ ਵਿੱਚ ਸ਼ਾਨਦਾਰ ਵਾਪਸੀ ਫਿਲਮ ‘ਗੁਰਮੁਖ’ ਨਾਲ ਕੀਤੀ ਹੈ, ਜੋ ਕਿ ਓਟੀਟੀ ਪਲੇਟਫਾਰਮ ਉਤੇ ਰਿਲੀਜ਼ ਹੋ ਚੁੱਕੀ ਹੈ।
ਹਾਲਾਂਕਿ ਲੇਖਕ ਦੇ ਤੌਰ ਉਤੇ ਇਸ ਸਮੇਂ ਦੌਰਾਨ ਉਹ ਕਈ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ ‘ਲਾਵਾਂ ਫੇਰੇ’, ‘ਤੂੰ ਮੇਰੀ ਮੈਂ ਤੇਰਾ’ ਅਤੇ ‘ਲੋਕ’ ਆਦਿ ਸ਼ੁਮਾਰ ਰਹੀਆਂ ਹਨ। ਇਸ ਤੋਂ ਇਲਾਵਾ ਹਾਲ ਹੀ ਵਿੱਚ ਉਹਨਾਂ ਨੇ 3 ਨਵੀਆਂ ਪੰਜਾਬੀ ਫਿਲਮਾਂ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਹੀਆਂ ਹਨ।