Anti Drug Campaign: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੰਜਾਬ ਭਵਨ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਮੁਹਿੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਾਰਚ 2024 ਤੋਂ ਲੈ ਕੇ 12 ਅਗਸਤ 2024 ਤੱਕ, 16322 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ 25542 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ 145 ਵਿਅਕਤੀਆਂ ਨੂੰ ਪੁਲਿਸ ਨੇ ਪਿੱਛਾ ਕਰਕੇ ਗ੍ਰਿਫਤਾਰ ਕੀਤਾ ਹੈ ਅਤੇ ਕਈ ਥਾਵਾਂ ਤੇ ਐਨਕਾਊਂਟਰ ਵੀ ਹੋਏ ਹਨ। ਇਸ ਤੋਂ ਇਲਾਵਾ ਨਸੀਆਂ ਦੀ ਗੈਰ-ਕਾਨੂੰਨੀ ਕਮਾਈ ਤੋਂ ਬਣਾਈ 182 ਸੰਪਤੀਆਂ ਨੂੰ ਵੀ ਢਾਹ ਦਿੱਤਾ ਗਿਆ।
ਇਸ ਮੁਹਿੰਮ ਦੀ ਸਫਲਤਾ ਦਾ ਇੱਕ ਵੱਡਾ ਕਾਰਨ “ਸੇਫ ਪੰਜਾਬ” ਪੋਰਟਲ ਹੈ, ਜਿਸ ਦਾ ਆਗਾਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਪੋਰਟਲ ਰਾਹੀਂ ਲੋਕਾਂ ਨੇ 5000 ਤੋਂ ਵੱਧ FIRs ਦਰਜ ਕਰਵਾਈਆਂ ਹਨ, ਜਿਸ ਨਾਲ ਪੁਲਿਸ ਨੂੰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਵਿੱਚ ਮਦਦ ਮਿਲੀ ਹੈ। ਇਸ ਦੌਰਾਨ ਮੰਤਰੀ ਚੀਮਾ ਨੇ ਦੱਸਿਆ ਕਿ ਜਦੋਂ ਵੀ ਕਿਤੇ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ, ਪੰਜਾਬ ਪੁਲਿਸ 10 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚ ਜਾਂਦੀ ਹੈ।
ਸੇਫ ਪੰਜਾਬ” ਪੋਰਟਲ ਰਾਹੀਂ ਜਾਣਕਾਰੀ ਸਾਂਝੀ ਕਰਨ ਦੀ ਅਪੀਲ
ਮੰਤਰੀ ਹਰਪਾਲ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ ਅਤੇ ਲੋਕਾਂ ਦੇ ਸਹਿਯੋਗ ਲਈ ਸ਼ੁਕਰਾਨਾ ਕੀਤਾ। ਉਨ੍ਹਾਂ ਨੇ ਹੋਰ ਲੋਕਾਂ ਨੂੰ ਵੀ “ਸੇਫ ਪੰਜਾਬ” ਪੋਰਟਲ ਰਾਹੀਂ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਨੇ ਜੇਲ੍ਹਾਂ ਵਿੱਚ ਕੈਦੀਆਂ ਦੀ ਵੱਧਦੀ ਗਿਣਤੀ ਬਾਰੇ ਵੀ ਚਰਚਾ ਕੀਤੀ, ਜਿਸ ਵਿੱਚੋਂ ਕਈ ਛੋਟੇ ਪੈਮਾਨੇ ਦੇ ਨਸ਼ਾ ਵਪਾਰੀ ਜਾਂ ਨਸ਼ਾ ਸੇਵਨ ਕਰਨ ਵਾਲੇ ਹਨ, ਜਿਨ੍ਹਾਂ ਨੂੰ ਜਲਦੀ ਹੀ ਜ਼ਮਾਨਤ ਮਿਲ ਜਾਂਦੀ ਹੈ।