Pong Dam water level; ਪੰਜਾਬ ਤੇ ਹਿਮਾਚਲ ਪ੍ਰਦੇਸ਼ ‘ਚ ਹੋ ਰਹੀ ਬਾਰਿਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ‘ਚ ਡੈਮ ਦੇ ਪਾਣੀ ਦਾ ਪੱਧਰ ਕਰੀਬ 5 ਫੁੱਟ ਵੱਧ ਗਿਆ ਹੈ। ਡੈਮ ਅਧਿਕਾਰੀਆਂ ਦੁਆਰਾ 24 ਘੰਟੇ ਪਹਿਲੇ ਜਾਰੀ ਅੰਕੜਿਆਂ ਅਨੁਸਾਰ ਪਾਣੀ ਦਾ ਪੱਧਰ 1361.07 ਫੁੱਟ ਸੀ ਤੇ ਹੁਣ ਦੇ ਤਾਜ਼ਾ ਅੰਕੜਿਆਂ ਅਨੁਸਾਰ ਇਹ ਵੱਧ ਕੇ 1365.26 ਫੁੱਟ ਤੱਕ ਪਹੁੰਚ ਗਿਆ। ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਕਰੀਬ ਪਹੁੰਚ ਚੁੱਕਿਆ ਹੈ।
ਜਾਣਕਾਰੀ ਮੁਤਾਬਕ ਜੇਕਰ ਅਗਲੇ ਦੋ ਦਿਨ ਵੀ ਪਾਣੀ ਦਾ ਪੱਧਰ ਇਸੇ ਤਰ੍ਹਾਂ ਵੱਧਦਾ ਰਿਹਾ ਤਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾ ਸਕਦੇ ਹਨ। ਇਸ ਨੂੰ ਧਿਆਨ ‘ਚ ਰੱਖਦੇ ਹੋਏ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹੇ ਕਾਂਗੜਾ, ਪੰਜਾਬ ਦੇ ਹੁਸ਼ਿਆਰਪੁਰ ਤੇ ਦਰਿਆ ਕੰਢੇ ਵਸੇ ਪਿੰਡਾਂ ‘ਚ ਅਜਿਹੀ ਸਥਿਤੀ ‘ਚ ਨਜਿੱਠਣ ਲਈ ਜ਼ਿਲ੍ਹਾ ਮੈਜਿਸਟ੍ਰੇਟਾਂ, ਸਿਹਤ ਅਧਿਕਾਰੀਆਂ ਤੇ ਹੋਰ ਵਿਭਾਗਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਕਦੋਂ ਛੱਡਿਆ ਜਾਂਦਾ ਹੈ ਫਲੱਡ ਗੇਟ ਰਾਹੀਂ ਪਾਣੀ?
ਮੌਜੂਦਾ ਸਥਿਤੀ ਅਨੁਸਾਰ ਡੈਮ ‘ਚ 125099 ਕਿਊਸਕ ਪਾਣੀ ਪਹੁੰਚ ਰਿਹਾ ਹੈ। ਉੱਥੇ ਹੀ 16500 ਕਿਊਸਕ ਪਾਣੀ ਮਹਾਰਾਣਾ ਪ੍ਰਤਾਪ ਝੀਲ ਦੀ 6 ਟਰਬਾਈਨਾਂ ਤੋਂ ਬਿਆਸ ਨਦੀ ਤੇ ਸ਼ਾਹ ਨਹਿਰ ਬੈਰਜ਼ ਨੂੰ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਦੀ ਕੁੱਲ ਭਰਨ ਦੀ ਸਮਰੱਥਾ 1380 ਤੋਂ 1390 ਤੱਕ ਖ਼ਤਰਨਾਕ ਮੰਨੀ ਜਾਂਦੀ ਹੈ, ਜਦਕਿ ਡੈਮ ਦੀ ਵੱਧ ਤੋਂ ਵੱਧ ਸਮਰੱਥਾ 1420 ਫੁੱਟ ਹੈ।
ਡੈਮ ‘ਚ ਕੁੱਲ 6 ਟਰਬਾਈਨਾਂ ਹਨ, ਜਿਨ੍ਹਾਂ ‘ਚ ਹਰ ਇੱਕ 210 ਮੈਗਾਵਾਟ ਬਿਜਲੀ ਪੈਦਾ ਕਰਦੀ ਹੈ। ਹਿਮਾਚਲ ਪ੍ਰਦੇਸ਼ ‘ਚ ਅੱਗੇ ਵੀ ਬਾਰਿਸ਼ ਦੀ ਸੰਭਾਵਨਾ ਹੈ, ਜਿਸ ਨਾਲ ਪੌਂਗ ਡੈਮ ਦੇ ਪਾਣੀ ਦਾ ਪੱਧਰ ਵੱਧ ਸਕਦਾ ਹੈ। ਡੈਮ ਨੂੰ ਭਰਨ ਦੀ ਸਮਰੱਥਾ 1410 ਫੁੱਟ ਤੱਕ ਹੈ, ਪਰ ਜੇਕਰ ਪਾਣੀ ਦਾ ਪੱਧਰ 1380 ਫੁੱਟ ਤੱਕ ਪਹੁੰਚ ਜਾਂਦਾ ਹੈ ਤਾਂ ਫਲੱਡ ਗੇਟ ਖੋਲ੍ਹ ਕੇ ਪਾਣੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ।