Update on Monsoon 2025: ਦੇਸ਼ ‘ਚ ਭਾਰੀ ਗਰਮੀ ਅਤੇ ਤੂਫਾਨ-ਮੀਂਹ ਦਾ ਦੌਰ ਜਾਰੀ ਹੈ। ਇਸ ਦੌਰਾਨ, ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਵਾਰ ਮਾਨਸੂਨ ਕੇਰਲ ਵਿੱਚ ਆਪਣੇ ਨਿਰਧਾਰਤ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ।
Monsoon Update: ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਿਆਨਕ ਗਰਮੀ ਦੇ ਵਿਚਕਾਰ, ਮੌਸਮ ਨੇ ਅਚਾਨਕ ਕਰਵਟ ਬਦਲ ਲਈ ਹੈ। ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਇਸ ਵਾਰ ਮਾਨਸੂਨ ਕੇਰਲ ਵਿੱਚ ਨਿਰਧਾਰਤ ਸਮੇਂ ਤੋਂ ਪਹਿਲਾਂ ਦਸਤਕ ਦੇਵੇਗਾ। ਮੌਸਮ ਵਿਭਾਗ ਮੁਤਾਬਕ, ਮਾਨਸੂਨ ਆਮ ਤੌਰ ‘ਤੇ 1 ਜੂਨ ਨੂੰ ਕੇਰਲ ਵਿੱਚ ਪਹੁੰਚਦਾ ਹੈ, ਪਰ ਇਸ ਸਾਲ ਇਹ 26 ਮਈ ਦੇ ਆਸਪਾਸ ਪਹੁੰਚਣ ਦੀ ਸੰਭਾਵਨਾ ਹੈ। 2009 ਤੋਂ ਬਾਅਦ ਇਹ ਪਹਿਲਾ ਮੌਕਾ ਹੋ ਸਕਦਾ ਹੈ ਜਦੋਂ ਮਾਨਸੂਨ ਕੇਰਲ ਵਿੱਚ ਇੰਨੀ ਜਲਦੀ ਦਸਤਕ ਦੇਵੇਗਾ।
ਇਨ੍ਹਾਂ ਸੂਬਿਆਂ ਵੱਲ ਵਧੇਗਾ ਮਾਨਸੂਨ
ਇਸ ਦੌਰਾਨ, 22 ਮਈ ਤੋਂ, ਦੱਖਣ-ਪੱਛਮੀ ਮਾਨਸੂਨ ਦੱਖਣੀ ਅਰਬ ਸਾਗਰ ਦੇ ਕੁਝ ਹੋਰ ਹਿੱਸਿਆਂ, ਮਾਲਦੀਵ ਅਤੇ ਕੋਮੋਰਿਨ ਖੇਤਰ ਦੇ ਬਾਕੀ ਹਿੱਸਿਆਂ, ਲਕਸ਼ਦੀਪ, ਕੇਰਲ, ਤਾਮਿਲਨਾਡੂ ਦੇ ਕੁਝ ਹਿੱਸਿਆਂ, ਦੱਖਣੀ ਅਤੇ ਮੱਧ ਬੰਗਾਲ ਦੀ ਖਾੜੀ ਦੇ ਕੁਝ ਹੋਰ ਹਿੱਸਿਆਂ, ਉੱਤਰ-ਪੂਰਬੀ ਬੰਗਾਲ ਦੀ ਖਾੜੀ ਅਤੇ ਉੱਤਰ-ਪੂਰਬੀ ਸੂਬਿਆਂ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ।
ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ‘ਚ ਮਾਨਸੂਨ ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਆਮ ਤੌਰ ‘ਤੇ ਇੱਥੇ ਮਾਨਸੂਨ 30 ਜੂਨ ਤੋਂ 5 ਜੁਲਾਈ ਦੇ ਵਿਚਕਾਰ ਪਹੁੰਚਦਾ ਹੈ, ਪਰ ਮੌਸਮ ਵਿਭਾਗ ਉਮੀਦ ਕਰ ਰਿਹਾ ਹੈ ਕਿ ਇਸ ਵਾਰ ਮਾਨਸੂਨ ਪੰਜਾਬ ਵਿੱਚ ਜਲਦੀ ਪਹੁੰਚ ਜਾਵੇਗਾ। ਮਾਨਸੂਨ 25 ਤੋਂ 30 ਜੂਨ ਦੇ ਵਿਚਕਾਰ ਬਠਿੰਡਾ ਜਾਂ ਫਿਰੋਜ਼ਪੁਰ ਵਰਗੇ ਖੇਤਰਾਂ ਵਿੱਚ ਪਹੁੰਚ ਸਕਦਾ ਹੈ। ਇਸ ਤੋਂ ਬਾਅਦ, 5 ਜੁਲਾਈ ਤੋਂ ਬਾਅਦ ਸੂਬੇ ਵਿੱਚ ਮੀਂਹ ਸ਼ੁਰੂ ਹੋ ਸਕਦਾ ਹੈ ਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਪਿਛਲੇ ਸਾਲ 30 ਮਈ ਨੂੰ ਆਇਆ ਸੀ ਮਾਨਸੂਨ
ਪਿਛਲੇ ਸਾਲ, ਮਾਨਸੂਨ 30 ਮਈ ਨੂੰ ਦੱਖਣੀ ਰਾਜ ਵਿੱਚ ਆਇਆ ਸੀ। ਇਸ ਦੇ ਨਾਲ ਹੀ ਆਈਐਮਡੀ ਨੇ ਅਪ੍ਰੈਲ ਵਿੱਚ 2025 ਦੇ ਮਾਨਸੂਨ ਸੀਜ਼ਨ ਵਿੱਚ ਆਮ ਤੋਂ ਵੱਧ ਬਾਰਿਸ਼ ਦੀ ਭਵਿੱਖਬਾਣੀ ਕੀਤੀ ਸੀ। ਇਸਨੇ ਐਲ ਨੀਨੋ ਸਥਿਤੀਆਂ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ। ਭਾਰਤੀ ਉਪ ਮਹਾਂਦੀਪ ਵਿੱਚ ਆਮ ਤੋਂ ਘੱਟ ਬਾਰਿਸ਼ ਲਈ ਐਲ ਨੀਨੋ ਜ਼ਿੰਮੇਵਾਰ ਹੈ।