PM Modi Jammu Visit: ਪੀਐਮ ਮੋਦੀ ਅੱਜ ਜੰਮੂ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਚਨਾਬ ਨਦੀ ‘ਤੇ ਬਣੇ ਚਨਾਬ ਪੁਲ ਨੂੰ ਦੇਸ਼ ਨੂੰ ਸਮਰਪਿਤ ਕੀਤਾ ਤੇ ਅੰਜੀ ਪੁਲ ਦਾ ਉਦਘਾਟਨ ਵੀ ਕੀਤਾ। ਨਾਲ ਹੀ ਕਟੜਾ-ਸ਼੍ਰੀਨਗਰ ਵੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਵੀ ਦਿਖਾਈ।
PM Modi inaugurates Chenab, Anji bridge and flags off Vande Bharat: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੂਬੇ ਨੂੰ ਕਰੋੜਾਂ ਦੇ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ। ਇਸ ਦੌਰਾਨ ਪੀਐਮ ਮੋਦੀ ਨੇ ਕਟੜਾ ਵਿੱਚ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਜੰਮੂ-ਕਸ਼ਮੀਰ ਨੂੰ ਇੱਕ ਵੱਡਾ ਤੋਹਫ਼ਾ ਦਿੰਦੇ ਹੋਏ ਚਨਾਬ ਰੇਲ ਪੁਲ ਅਤੇ ਅੰਜੀ ਪੁਲ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਟੜਾ ਅਤੇ ਸ਼੍ਰੀਨਗਰ ਵਿਚਕਾਰ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾਈ। ਫਿਰ ਰਿਆਸੀ ਜ਼ਿਲ੍ਹੇ ਦੇ ਕਟੜਾ ਵਿੱਚ, ਪ੍ਰਧਾਨ ਮੰਤਰੀ ਨੇ 46 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ, ਉਦਘਾਟਨ ਅਤੇ ਸਮਰਪਣ ਨਾਲ ਸਬੰਧਤ ਪ੍ਰੋਗਰਾਮ ਵਿੱਚ ਹਿੱਸਾ ਲਿਆ।
ਉਦਘਾਟਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਰੇਲਗੱਡੀ ਦੇ ਇੰਜਣ ਵਿੱਚ ਬੈਠ ਕੇ ਪੁਲ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ, ਮੁੱਖ ਮੰਤਰੀ ਉਮਰ ਅਬਦੁੱਲਾ, ਉਪ ਰਾਜਪਾਲ ਮਨੋਜ ਸਿਨਹਾ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਪ੍ਰਧਾਨ ਮੰਤਰੀ ਦੇ ਨਾਲ ਮੌਜੂਦ ਰਹੇ। ਇਸ ਪੁਲ ਦੇ ਉਦਘਾਟਨ ਨਾਲ, ਹੁਣ ਕਸ਼ਮੀਰ ਘਾਟੀ ਪੂਰੇ ਸਾਲ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੁੜੀ ਰਹੇਗੀ। ਪਹਿਲਾਂ, ਸਰਦੀਆਂ ਦੌਰਾਨ ਬਰਫ਼ਬਾਰੀ ਕਾਰਨ ਸੜਕ ਬੰਦ ਕਰਨੀ ਪੈਂਦੀ ਸੀ।
ਦੱਸ ਦਈਏ ਕਿ ਉੱਤਰੀ ਰੇਲਵੇ 7 ਜੂਨ ਤੋਂ ਕਟੜਾ-ਸ਼੍ਰੀਨਗਰ ਰੂਟ ‘ਤੇ ਵੰਦੇ ਭਾਰਤ ਟ੍ਰੇਨ ਸੇਵਾ ਸ਼ੁਰੂ ਕਰੇਗਾ। ਟਿਕਟ ਬੁਕਿੰਗ ਆਈਆਰਸੀਟੀਸੀ ਦੀ ਵੈੱਬਸਾਈਟ ‘ਤੇ ਕੀਤੀ ਜਾ ਸਕਦੀ ਹੈ। ਕਟੜਾ ਅਤੇ ਸ਼੍ਰੀਨਗਰ ਵਿਚਕਾਰ ਹਫ਼ਤੇ ਵਿੱਚ 6 ਦਿਨ ਦੋ ਟ੍ਰੇਨਾਂ ਚੱਲਣਗੀਆਂ।
ਉੱਤਰੀ ਰੇਲਵੇ ਨੇ ਕਿਹਾ ਕਿ ਟ੍ਰੇਨ ਵਿੱਚ ਦੋ ਯਾਤਰਾ ਕਲਾਸਾਂ ਹਨ। ਚੇਅਰ ਕਾਰ ਦਾ ਕਿਰਾਇਆ 715 ਰੁਪਏ ਅਤੇ ਐਗਜ਼ੀਕਿਊਟਿਵ ਕਲਾਸ ਦਾ ਕਿਰਾਇਆ 1320 ਰੁਪਏ ਹੈ। ਇਸ ਵੇਲੇ ਟ੍ਰੇਨਾਂ ਸਿਰਫ ਬਨਿਹਾਲ ਵਿਖੇ ਹੀ ਰੁਕਣਗੀਆਂ, ਹੋਰ ਸਟਾਪੇਜ ਬਾਰੇ ਫੈਸਲਾ ਬਾਅਦ ਵਿੱਚ ਲਿਆ ਜਾਵੇਗਾ।
10 ਘੰਟੇ ਦੀ ਯਾਤਰਾ ਹੁਣ ਲਗਭਗ 3 ਘੰਟਿਆਂ ‘ਚ
ਆਜ਼ਾਦੀ ਦੇ 77 ਸਾਲਾਂ ਬਾਅਦ ਵੀ, ਬਰਫ਼ਬਾਰੀ ਦੇ ਮੌਸਮ ਦੌਰਾਨ ਕਸ਼ਮੀਰ ਦੇਸ਼ ਦੇ ਹੋਰ ਹਿੱਸਿਆਂ ਤੋਂ ਕੱਟ ਜਾਂਦਾ ਸੀ। ਰਾਸ਼ਟਰੀ ਰਾਜਮਾਰਗ-44 ਬੰਦ ਹੋਣ ਕਾਰਨ, ਘਾਟੀ ਤੱਕ ਪਹੁੰਚ ਬੰਦ ਹੋ ਜਾਂਦੀ ਸੀ। ਇਸ ਤੋਂ ਇਲਾਵਾ, ਜੰਮੂ ਤੋਂ ਕਸ਼ਮੀਰ ਤੱਕ ਸੜਕ ਰਾਹੀਂ ਜਾਣ ਲਈ 8 ਤੋਂ 10 ਘੰਟੇ ਲੱਗਦੇ ਸੀ। ਪਰ ਰੇਲ ਸ਼ੁਰੂ ਹੋਣ ਨਾਲ, ਇਹ ਯਾਤਰਾ ਲਗਭਗ ਤਿੰਨ ਘੰਟਿਆਂ ਵਿੱਚ ਪੂਰੀ ਹੋ ਜਾਵੇਗੀ।
ਭਾਰਤ ਦਾ ਪਹਿਲਾ ਕੇਬਲ-ਸਟੇਡ ਰੇਲ ਪੁਲ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਪਹਿਲੇ ਕੇਬਲ-ਸਟੇਡ ਰੇਲ ਪੁਲ, ਅੰਜੀ ਪੁਲ ਦਾ ਉਦਘਾਟਨ ਕੀਤਾ। ਇਹ ਚਨਾਬ ਪੁਲ ਤੋਂ ਲਗਭਗ 7 ਕਿਲੋਮੀਟਰ ਪਹਿਲਾਂ ਹੈ। ਅੰਜੀ ਖਾੜ ‘ਤੇ ਬਣਿਆ ਪੁਲ ਭਾਰਤ ਦਾ ਪਹਿਲਾ ਕੇਬਲ-ਸਟੇਡ ਰੇਲ ਪੁਲ ਹੈ। ਇਹ ਪੁਲ ਨਦੀ ਦੇ ਤਲ ਤੋਂ 331 ਮੀਟਰ ਦੀ ਉਚਾਈ ‘ਤੇ ਬਣਾਇਆ ਗਿਆ ਹੈ। ਇਸ ਨੂੰ ਸਹਾਰਾ ਦੇਣ ਲਈ 1086 ਫੁੱਟ ਉੱਚਾ ਟਾਵਰ ਬਣਾਇਆ ਗਿਆ ਹੈ, ਜੋ ਕਿ 77 ਮੰਜ਼ਿਲਾ ਇਮਾਰਤ ਜਿੰਨਾ ਉੱਚਾ ਹੈ। ਇਹ ਪੁਲ ਅੰਜੀ ਨਦੀ ‘ਤੇ ਬਣਾਇਆ ਗਿਆ ਹੈ ਜੋ ਰਿਆਸੀ ਜ਼ਿਲ੍ਹੇ ਨੂੰ ਕਟੜਾ ਨਾਲ ਜੋੜਦਾ ਹੈ। ਇਸ ਪੁਲ ਦੀ ਲੰਬਾਈ 725.5 ਮੀਟਰ ਹੈ। ਇਸ ਚੋਂ, 472.25 ਮੀਟਰ ਹਿੱਸਾ ਕੇਬਲਾਂ ‘ਤੇ ਟਿਕਿਆ ਹੋਇਆ ਹੈ।