Chandigarh: ਸੈਕਟਰ-40 ‘ਚ ਸਥਿਤ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ 12ਵੀਂ ਜਮਾਤ ਦੇ ਵਿਦਿਆਰਥੀ ‘ਤੇ 5 ਤੋਂ 6 ਬਾਹਰੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਿਦਿਆਰਥੀ ਜਸ਼ਨ (ਉਮਰ 17 ਸਾਲ), ਜੋ ਕਿ ਡੱਡੂਮਾਜਰਾ ਪਿੰਡ ਦਾ ਰਹਿਣ ਵਾਲਾ ਹੈ, ਦੇ ਸਿਰ ‘ਤੇ ਕੜੇ ਨਾਲ ਵਾਰ ਕੀਤਾ ਗਿਆ ਜਿਸ ਕਾਰਨ ਉਸਦੇ ਸਿਰ ‘ਚ ਗੰਭੀਰ ਚੋਟ ਆਈ। ਉਸਦਾ ਇਲਾਜ ਸੈਕਟਰ-16 ਦੇ ਸਰਕਾਰੀ ਹਸਪਤਾਲ ‘ਚ ਚੱਲ ਰਿਹਾ ਹੈ ਅਤੇ ਸਿਰ ‘ਚ ਕਈ ਟਾਂਕੇ ਲੱਗੇ ਹਨ।
ਜਾਣਕਾਰੀ ਅਨੁਸਾਰ, ਹਮਲੇ ਦੀ ਘਟਨਾ 16 ਜੁਲਾਈ ਨੂੰ ਹੋਈ ਜਦੋਂ ਜਸ਼ਨ ਦੀ ਆਪਣੇ ਕਲਾਸਮੇਟ ਨਾਲ ਥੋੜ੍ਹੀ ਬਹਿਸ ਹੋ ਗਈ ਸੀ। ਜਸ਼ਨ ਦੇ ਪਿਤਾ ਯਸ਼ਵੀਰ ਸਿੰਘ ਨੇ ਦੱਸਿਆ ਕਿ ਕਲਾਸ ਦੌਰਾਨ ਪਿੱਛੇ ਬੈਠਾ ਇਕ ਹੋਰ ਵਿਦਿਆਰਥੀ ਜਸ਼ਨ ਨੂੰ ਛੇੜ ਰਿਹਾ ਸੀ। ਜਸ਼ਨ ਨੇ ਉਸਨੂੰ ਕਿਹਾ ਕਿ ਕੈਮਰੇ ਲੱਗੇ ਹਨ, ਮੈਡਮ ਦੇਖ ਲੈਣਗੇ ਤਾਂ ਮਸਲਾ ਬਣ ਸਕਦਾ ਹੈ। ਇਸ ਗੱਲ ‘ਤੇ ਉਸ ਵਿਦਿਆਰਥੀ ਨੇ ਜਸ਼ਨ ਨੂੰ ਧਮਕੀ ਦਿੱਤੀ ਕਿ “ਤੈਨੂੰ ਵੇਖ ਲੈਣਾ।”
ਅਗਲੇ ਦਿਨ ਜਦੋਂ ਜਸ਼ਨ ਸਕੂਲ ਤੋਂ ਛੁੱਟੀ ਹੋਣ ‘ਤੇ ਆਪਣੀ ਐਕਟੀਵਾ ਲੈਣ ਬਾਹਰ ਗਿਆ ਤਾਂ ਉਥੇ ਪਹਿਲਾਂ ਤੋਂ ਹੀ 6-7 ਨੌਜਵਾਨ ਮੌਜੂਦ ਸਨ। ਉਹਨਾਂ ‘ਚੋਂ ਇੱਕ ਨੇ ਜਸ਼ਨ ਦਾ ਨਾਮ ਲੈ ਕੇ ਪੁੱਛਿਆ ਕਿ ਉਸਦੀ ਕੀ ਗੱਲ ਹੋਈ ਸੀ, ਤੇ ਫਿਰ ਤੁਰੰਤ ਹੀ ਹਮਲਾ ਕਰ ਦਿੱਤਾ। ਜਸ਼ਨ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨਾਂ ਨੇ ਉਸਦਾ ਪਿੱਛਾ ਕਰਕੇ ਉਸਨੂੰ ਬੇਹੱਦ ਮਾਰਿਆ।
ਇਕ ਹਮਲਾਵਰ ਨੇ ਆਪਣੀ ਪੈਂਟ ‘ਚੋਂ ਚਾਕੂ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਚਾਕੂ ਨਹੀਂ ਨਿਕਲਿਆ। ਹਮਲਾਵਰਾਂ ‘ਚੋਂ 3-4 ਦੀ ਉਮਰ 18 ਸਾਲ ਤੋਂ ਵੱਧ ਦੱਸੀ ਜਾ ਰਹੀ ਹੈ। ਘਟਨਾ ਤੋਂ ਤਿੰਨ ਦਿਨ ਬਾਅਦ ਵੀ ਮੁੜ ਜਸ਼ਨ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਹੋਈ ਪਰ ਲੋਕਾਂ ਦੀ ਭੀੜ ਦੇਖ ਕੇ ਹਮਲਾਵਰ ਮੋਟਰਸਾਈਕਲ ਛੱਡ ਕੇ ਭੱਜ ਗਏ।
ਸੈਕਟਰ-39 ਥਾਣਾ ਪੁਲਿਸ ਨੇ ਘਟਨਾ ਤੋਂ 5-7 ਦਿਨ ਬਾਅਦ ਇਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਕੇਵਲ ਚੱਕਰ ਲਵਾ ਰਹੀ ਹੈ ਤੇ ਕੋਈ ਸਖਤ ਕਾਰਵਾਈ ਨਹੀਂ ਕਰ ਰਹੀ।