Amritsar News: ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਮੇਸ਼ਾ ਹੀ ਹਰ ਪੱਧਰ ‘ਤੇ ਸਹਿਯੋਗ ਤੇ ਸਾਥ ਦੇਣਗੇ ਤਾਂ ਜੋ ਸਮੁੱਚੇ ਪੰਥਕ ਕਾਰਜ ਕੌਮੀ ਇਕਜੁੱਟਤਾ ਦੀ ਭਾਵਨਾ ਨਾਲ ਹੁੰਦੇ ਰਹਿਣ।
Giani Raghbir Singh honored Jathedar Gargajj: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸ੍ਰੀ ਦਰਬਾਰ ਸਾਹਿਬ ਸਥਿਤ ਆਪਣੀ ਰਿਹਾਇਸ਼ ਵਿਖੇ ਸੱਦ ਕੇ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਦਿੱਤਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਤਿਹਾਸ ਅੰਦਰ ਹਮੇਸ਼ਾ ਹੀ ਬਾਬਾ ਬੁੱਢਾ ਜੀ ਦੀ ਸਤਿਕਾਰਤ ਪਦਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਅਤੇ ਭਾਈ ਗੁਰਦਾਸ ਜੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਵਿਚਕਾਰ ਆਪਸੀ ਤਾਲਮੇਲ, ਸਹਿਯੋਗ ਅਤੇ ਇਕ ਦੂਜੇ ਪ੍ਰਤੀ ਪੂਰਨ ਸਤਿਕਾਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਹਮੇਸ਼ਾ ਹੀ ਹਰ ਪੱਧਰ ‘ਤੇ ਸਹਿਯੋਗ ਅਤੇ ਸਾਥ ਦੇਣਗੇ ਤਾਂ ਜੋ ਸਮੁੱਚੇ ਪੰਥਕ ਕਾਰਜ ਕੌਮੀ ਇਕਜੁੱਟਤਾ ਦੀ ਭਾਵਨਾ ਨਾਲ ਹੁੰਦੇ ਰਹਿਣ। ਇਸ ਮੌਕੇ ਤਿੰਨੇ ਸਿੰਘ ਸਾਹਿਬਾਨ ਦੇ ਵਿਚਕਾਰ ਪੰਥਕ ਅਤੇ ਧਾਰਮਿਕ ਸਰੋਕਾਰਾਂ ਪ੍ਰਤੀ ਦੀਰਘ ਵਿਚਾਰ ਵਟਾਂਦਰਾ ਹੋਇਆ। ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਗਿਆਨੀ ਰਘਬੀਰ ਸਿੰਘ ਅਤੇ ਗਿਆਨੀ ਸੁਲਤਾਨ ਸਿੰਘ ਦਾ ਧੰਨਵਾਦ ਕੀਤਾ।