Hukamnama Sri Darbar Sahib Amritsar; ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
ਬਿਲਾਵਲੁ ਮਹਲਾ ੩ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥ ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥ ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥ ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥੨॥ ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥ ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥ ਭਰਮਿ ਭੁਲਾਣੇ ਸਿ ਮਨਮੁਖ ਕਹੀਅਹਿ ਨਾ ਉਰਵਾਰਿ ਨ ਪਾਰੇ ॥੩॥ ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮੑਾਲੇ ॥ ਹਰਿ ਜਨ ਮਾਇਆ ਮਾਹਿ ਨਿਸਤਾਰੇ ॥ ਨਾਨਕ ਭਾਗੁ ਹੋਵੈ ਜਿਸੁ ਮਸਤਕਿ ਕਾਲਹਿ ਮਾਰਿ ਬਿਦਾਰੇ ॥੪॥੧॥
ਸੋਮਵਾਰ, ੧੩ ਸਾਵਣ (ਸੰਮਤ ੫੫੭ ਨਾਨਕਸ਼ਾਹੀ)
(ਅੰਗ: ੭੯੬)
ਪੰਜਾਬੀ ਵਿਆਖਿਆ
ਹੇ ਭਾਈ! ਜੇ ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ । (ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ । (ਹੇ ਭਾਈ! ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ । ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ।੧।ਹੇ ਭਾਈ! ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਜੋੜਨ ਨਹੀਂ ਦੇਂਦਾ । ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ । ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ।੧।ਰਹਾਉ।ਹੇ ਪ੍ਰਭੂ! ਤੂੰ (ਆਪ ਹੀ) ਦਇਆ ਦਾ ਘਰ ਹੈਂ, ਦਇਆ ਦਾ ਮਾਲਕ ਹੈਂ, ਤੂੰ ਆਪ ਹੀ (ਆਪਣੇ ਚਰਨਾਂ ਦੀ ਪ੍ਰੀਤ) ਦੇਣ ਵਾਲਾ ਹੈਂ (ਤੇਰੇ ਪੈਦਾ ਕੀਤੇ) ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ । ਤੇਰੇ ਹੀ ਹੁਕਮ ਵਿਚ ਕਈ ਜੀਵ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦੇ ਹਨ, ਕਈ ਜੀਵ ਮੋਹ ਵਿਚ ਬੱਝੇ ਰਹਿੰਦੇ ਹਨ—ਕੋਈ ਵਿਰਲਾ ਗੁਰਮੁਖਿ ਇਹ ਗੱਲ ਆਖ ਕੇ ਸਮਝਾਂਦਾ ਹੈ । ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਆਜ਼ਾਦ ਕਿਹਾ ਜਾਂਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਵਿਚਾਰੇ ਮੋਹ ਵਿਚ ਬੱਝੇ ਰਹਿੰਦੇ ਹਨ ।੨।ਜਿਸ ਮਨੁੱਖ ਦੀ ਸੁਰਤਿ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ ਉਹ ਮਨੁੱਖ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ, ਉਹ ਸਦਾ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ । ਇਹੋ ਜਿਹੇ ਬੰਦਿਆਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ । ਥਿਰ ਰਹਿਣ ਵਾਲੇ ਪ੍ਰਭੂ ਨੇ ਆਪ ਹੀ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੱਤਾ ਹੁੰਦਾ ਹੈ । ਪਰ ਜੇਹੜੇ ਬੰਦੇ ਮਾਇਆ ਦੀ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੇ ਰਹਿੰਦੇ ਹਨ, ਉਹ ਬੰਦੇ ਮਨਮੁਖ ਕਹੇ ਜਾਂਦੇ ਹਨ (ਉਹ ਮਾਇਆ ਦੇ ਮੋਹ ਦੇ ਸਮੁੰਦਰ ਵਿਚ ਡੁੱਬੇ ਰਹਿੰਦੇ ਹਨ) ਉਹ ਨਾਹ ਉਰਲੇ ਪਾਸੇ ਜੋਗੇ ਅਤੇ ਨਾਹ ਪਾਰ ਲੰਘਣ ਜੋਗੇ ।੩।(ਪਰ ਜੀਵ ਦੇ ਕੀਹ ਵੱਸ?) ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ (ਗੁਰੂ ਦਾ ਸ਼ਬਦ) ਪ੍ਰਾਪਤ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦਾ ਹੈ । (ਇਸੇ ਤਰ੍ਹਾਂ) ਪ੍ਰਭੂ ਆਪਣੇ ਸੇਵਕਾਂ ਨੂੰ ਮਾਇਆ ਵਿਚ (ਰੱਖ ਕੇ ਭੀ, ਮੋਹ ਦੇ ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ । ਹੇ ਨਾਨਕ! ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗ ਪੈਂਦਾ ਹੈ, ਉਹ (ਆਪਣੇ ਅੰਦਰੋਂ) ਆਤਮਕ ਮੌਤ ਨੂੰ ਮਾਰ ਕੇ ਮੁਕਾ ਦੇਂਦਾ ਹੈ ।੪।੧।