ਗੁਰਦਾਸਪੁਰ ਦੇ ਮਸ਼ਹੂਰ ਕੁਕੂ ਢਾਬੇ ‘ਤੇ ਅੱਜ ਸ਼ਾਮ ਪੁਲਿਸ ਅਤੇ ਸਪੈਸ਼ਲ ਟੀਮ ਵੱਲੋਂ ਵੱਡੀ ਰੇਡ ਮਾਰੀ ਗਈ, ਜਿੱਥੇ ਕਮਰੇ ‘ਚ ਬੈਠੇ 10 ਜੁਆਰੀਆਂ ਨੂੰ ਢਾਈ ਲੱਖ ਰੁਪਏ ਦੀ ਨਕਦੀ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਢਾਬਾ ਮਾਲਿਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਗੁਪਤ ਸੂਚਨਾ ਤੇ ਹੋਈ ਤੁਰੰਤ ਕਾਰਵਾਈ
ਥਾਣਾ ਸਿਟੀ ਇੰਚਾਰਜ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਕੂ ਢਾਬੇ ਦੇ ਉੱਪਰ ਜੂਏ ਦੀ ਵੱਡੀ ਖੇਡ ਚੱਲ ਰਹੀ ਹੈ, ਜਿਸ ਤੋਂ ਬਾਅਦ ਤੁਰੰਤ ਟੀਮ ਤਿਆਰ ਕਰਕੇ ਢਾਬੇ ‘ਤੇ ਰੇਡ ਮਾਰੀ ਗਈ।
ਰੇਡ ਦੌਰਾਨ ਕਮਰੇ ‘ਚ 10 ਜੁਆਰੀ, ਜੋ ਕਿ ਸ਼ਹਿਰ ਦੇ ਨਾਮੀ ਲੋਕ ਹਨ, ਰਕਮ ਦੇ ਨਾਲ ਜੂਆ ਖੇਡ ਰਹੇ ਸਨ। ਇਨ੍ਹਾਂ ਕੋਲੋਂ ₹2.5 ਲੱਖ ਦੀ ਨਕਦੀ ਬਰਾਮਦ ਹੋਈ ਹੈ। ਢਾਬਾ ਮਾਲਿਕ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ।
ਪਹਿਲੀ ਵਾਰੀ ਹੋਈ ਰੇਡ, ਸ਼ਹਿਰ ‘ਚ ਚਰਚਾ ਦਾ ਵਿਸ਼ਾ
ਇਹ ਢਾਬਾ ਸ਼ਹਿਰ ਵਿੱਚ ਆਪਣੀ ਖਾਣ-ਪੀਣ ਅਤੇ ਰੁਝਾਨੀਕ ਸਥਾਨ ਵਜੋਂ ਮਸ਼ਹੂਰ ਰਿਹਾ ਹੈ, ਜਿਸ ਕਰਕੇ ਇੱਥੇ ਰੇਡ ਹੋਣਾ ਸ਼ਹਿਰ ਦੇ ਲੋਕਾਂ ਵਿਚ ਹੈਰਾਨੀ ਅਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਢਾਬਾ ਪਿਛਲੇ ਕਈ ਸਮਿਆਂ ਤੋਂ ਕਈ ਗੈਰਕਾਨੂੰਨੀ ਸਰਗਰਮੀਆਂ ਦਾ ਕੇਂਦਰ ਬਣਿਆ ਹੋਇਆ ਸੀ, ਪਰ ਹੁਣ ਇਸ ‘ਤੇ ਨਕੇਲ ਕਸੀ ਗਈ ਹੈ।
ਐਸਐਸਪੀ ਅਦਿੱਤੇ ਕੁਮਾਰ ਨੇ ਦਿੱਤੀ ਚੇਤਾਵਨੀ – “ਕੋਈ ਸਿਫਾਰਿਸ਼ ਨਹੀਂ ਚੱਲੇਗੀ”
ਫ਼ੋਨ ‘ਤੇ ਗੱਲਬਾਤ ਕਰਦਿਆਂ ਗੁਰਦਾਸਪੁਰ ਦੇ ਐਸਐਸਪੀ ਅਦਿੱਤੇ ਕੁਮਾਰ ਨੇ ਕਿਹਾ:
“ਗੁਰਦਾਸਪੁਰ ਵਿੱਚ ਮਾੜੇ ਅਨਸਰਾਂ ਲਈ ਕੋਈ ਥਾਂ ਨਹੀਂ। ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਵੀ ਸ਼ਹਿਰ ਦੇ ਅਮਨ ਨੂੰ ਖ਼ਤਰਾ ਬਣੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਏਗੀ। ਨਾ ਕੋਈ ਰਿਅਾਇਤ ਹੋਏਗੀ, ਨਾ ਸਿਫਾਰਿਸ਼।”