Punjab Weather Update: ਪੰਜਾਬ ‘ਚ ਅਗਲੇ 2 ਦਿਨ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ। ਕੁੱਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੇਗੀ। ਬੀਤੇ ਹਫ਼ਤੇ ਚੰਗੀ ਬਾਰਿਸ਼ ਤੋਂ ਬਾਅਦ ਸੂਬੇ ‘ਚ ਹਾਲਾਤ ਕੁੱਝ ਸੁਧਰੇ ਹਨ। ਹਾਲਾਂਕਿ , ਇਸ ਦੇ ਬਾਵਜੂਦ ਜੁਲਾਈ ਮਹੀਨੇ ‘ਚ ਆਮ ਨਾਲੋਂ 9 ਫ਼ੀਸਦੀ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ। ਅਨੁਮਾਨ ਹੈ ਕਿ ਅਗਸਤ ਮਹੀਨੇ ਆਮ ਨਾਲੋਂ ਵੱਧ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਸੂਚਨਾ ਦੇ ਅਨੁਸਾਰ ਸੂਬੇ ਦੇ ਤਾਪਮਾਨ ‘ਚ 0.6 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜਿਸ ਤੋਂ ਬਾਅਦ ਸੂਬੇ ਦਾ ਤਾਪਮਾਨ ਆਮ ਨਾਲੋਂ 3.4 ਡਿਗਰੀ ਘੱਟ ਬਣਿਆ ਹੋਇਆ ਹੈ। ਗੁਰਦਾਸਪੁਰ ‘ਚ ਸਭ ਤੋਂ ਵੱਧ ਤਾਪਮਾਨ 33.5 ਡਿਗਰੀ ਦਰਜ ਕੀਤਾ ਗਿਆ।
ਉੱਥੇ ਹੀ ਵੀਰਵਾਰ ਸ਼ਾਮ 5:30 ਤੱਕ ਮੋਗਾ ‘ਚ 5.5 ਮਿਮੀ, ਹੁਸ਼ਿਆਰਪੁਰ ‘ਚ 4 ਮਿਮੀ ਤੇ ਰੂਪਨਗਰ ‘ਚ 3 ਮਿਮੀ ਬਾਰਿਸ਼ ਦੇਖਣ ਨੂੰ ਮਿਲੀ। ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ ਤੇ ਬਠਿੰਡਾ ‘ਚ 1 ਤੋਂ 2 ਮਿਮੀ ਕਰੀਬ ਬਾਰਿਸ਼ ਦੇਖਣ ਨੂੰ ਮਿਲੀ।
ਜੁਲਾਈ ਮਹੀਨੇ 9 ਫ਼ੀਸਦੀ ਘੱਟ ਬਾਰਿਸ਼
ਸੂਬੇ ‘ਚ ਜੁਲਾਈ ਮਹੀਨੇ ‘ਚ ਆਮ ਨਾਲੋਂ 9 ਫ਼ੀਸਦੀ ਘੱਟ ਬਾਰਿਸ਼ ਦੇਖਣ ਨੂੰ ਮਿਲੀ। 1 ਜੁਲਾਈ ਤੋਂ 31 ਜੁਲਾਈ ਤੱਕ ਸੂਬੇ ‘ਚ 146.7 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਨ੍ਹਾਂ ਦਿਨਾਂ ‘ਚ 161.4 ਮਿਮੀ ਬਾਰਿਸ਼ ਦਰਜ ਕੀਤੀ ਜਾਂਦੀ ਹੈ। ਜੁਲਾਈ ਮਹੀਨੇ ਦੇ ਆਖਿਰੀ ਹਫ਼ਤੇ ‘ਚ ਚੰਗੀ ਬਾਰਿਸ਼ ਦੇਖਣ ਨੂੰ ਮਿਲੀ, ਜਿਸ ਦੇ ਚੱਲਦੇ ਹਾਲਾਤ ‘ਚ ਹਲਕਾ ਸੁਧਾਰ ਦੇਖਣ ਨੂੰ ਮਿਲਿਆ।
ਪੰਜਾਬ ‘ਚ ਸਭ ਤੋਂ ਘੱਟ ਬਾਰਿਸ਼ ਕਪੂਰਥਲਾ ‘ਚ ਦੇਖਣ ਨੂੰ ਮਿਲੀ। ਇੱਥ ਆਮ ਨਾਲੋਂ 76 ਫ਼ੀਸਦੀ ਘੱਟ ਬਾਰਿਸ਼ ਦੇਖਣ ਨੂੰ ਮਿਲੀ। ਇੱਥੇ ਸਿਰਫ਼ 39.3 ਮਿਮੀ ਬਾਰਿਸ਼ ਦੇਖਣ ਨੂੰ ਮਿਲੀ। ਆਮ ਤੌਰ ‘ਤੇ ਇੱਥੇ 163.66 ਮਿਮੀ ਬਾਰਿਸ਼ ਦੇਖਣ ਨੂੰ ਮਿਲੀ ਹੈ।
ਜਲੰਧਰ ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੁਹਾਲੀ, ਐਸਬੀਐਸ ਨਗਰ, ਬਰਨਾਲਾ, ਸੰਗਰੂਰ, ਮੁਕਤਸਰ ਜ਼ਿਲ੍ਹਿਆਂ ‘ਚ 20 ਫ਼ੀਸਦੀ ਤੋਂ ਵੱਧ, ਬਾਰਿਸ਼ ‘ਚ ਕਮੀਂ ਦਰਜ ਕੀਤੀ ਗਈ।
ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ, ਫਰੀਦਕੋਟ, ਬਠਿੰਡਾ ਤੇ ਮਾਨਸਾ ‘ਚ 20 ਫ਼ੀਸਦੀ ਤੱਕ ਵੱਧ ਤੇ 20 ਫ਼ੀਸਦੀ ਤੱਕ ਘੱਟ ਬਾਰਿਸ਼ ਦੇਖਣ ਨੂੰ ਮਿਲੀ ਹੈ।
ਤਰਤਾਰਨ ‘ਚ ਆਮ ਨਾਲੋਂ 122 ਫ਼ੀਸਦੀ ਵੱਧ ਬਾਰਿਸ਼ ਦੇਖਣ ਨੂੰ ਮਿਲੀ। ਇੱਥੇ 245.7 ਮਿਮੀ ਬਾਰਿਸ਼ ਦੇਖਣ ਨੂੰ ਮਿਲੀ। ਇੱਥੇ ਆਮ ਤੌਰ ‘ਤੇ 110.7 ਮਿਮੀ ਬਾਰਿਸ਼ ਦਰਜ ਕੀਤੀ ਜਾਂਦੀ ਹੈ। ਅੰਮ੍ਰਿਤਸਰ, ਗੁਰਦਾਸਪੁਰ, ਫਿਰੋਜ਼ਪੁਰ ਤੇ ਮੋਗਾ ‘ਚ ਵੀ ਆਮ ਨਾਲੋਂ ਵੱਧ ਬਾਰਿਸ਼ ਦਰਜ ਕੀਤੀ ਗਈ।