Bikram Majithia: ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ‘ਚ 14 ਦਿਨਾਂ ਲਈ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਗਿਆ ਸੀ ਤੇ ਇਸ ਦੀ ਸਮੇ ਸੀਮਾ ਅੱਜ ਖ਼ਤਮ ਹੋ ਰਹੀ ਸੀ। ਇਸ ਤੋਂ ਬਾਅਦ ਅੱਜ ਉਨ੍ਹਾਂ ਦੀ ਮੁਹਾਲੀ ਕੋਰਟ ‘ਚ ਪੇਸ਼ੀ ਹੋਈ, ਜਿੱਥੇ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ 14 ਦਿਨਾਂ ਦੀ ਹੋਰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਬਿਕਰਮ ਮਜੀਠੀਆ ਦੀ ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੀ। ਉਹ ਨਾਭਾ ਜੇਲ੍ਹ ‘ਚ ਬੰਦ ਹਨ। ਵਿਜੀਲੈਂਸ ਬਿਊਰੋ ਨੇ ਉਨ੍ਹਾਂ ਨੂੰ 25 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਕੋਰਟ ‘ਚ ਪੇਸ਼ ਕੀਤਾ ਗਿਆ ਤੇ ਮਜੀਠੀਆ ਕੁੱਝ ਦਿਨਾਂ ਲਈ ਵਿਜੀਲੈਂਸ ਦੀ ਰਿਮਾਂਡ ‘ਤੇ ਰਹੇ। ਇਸ ਤੋਂ ਬਾਅਦ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ ਦੋ ਵਾਰ 14-14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਸੀ। ਇਹ ਤੀਸਰੀ ਵਾਰ ਹੈ ਕਿ ਮੁਹਾਲੀ ਕੋਰਟ ਨੇ ਉਨ੍ਹਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ‘ਚ ਭੇਜਿਆ ਹੈ।
ਕੀ ਹੈ ਪੂਰਾ ਮਾਮਲਾ?
ਵਿਜੀਲੈਂਸ ਬਿਊਰੋ ਨੇ ਲਗਭਗ 540 ਕਰੋੜ ਦੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ 25 ਜੂਨ ਨੂੰ ਬਿਕਰਮ ਮਜੀਠਿਆ ਖਿਲਾਫ਼ ਮਾਮਲਾ ਦਰਜ ਕੀਤਾ। ਇਸ ਤੋਂ ਬਾਅਦ ਮਜੀਠਿਆ ਦੇ ਅੰਮ੍ਰਿਤਸਰ ਤੇ ਚੰਡੀਗੜ੍ਹ ਰਿਹਾਇਸ਼ ਸਮੇਤ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ ਗਈ। ਵਿਜੀਲੈਂਸ ਨੇ ਮਜੀਠਿਆ ਨੂੰ ਉਨ੍ਹਾਂ ਦੀ ਅੰਮ੍ਰਿਤਸਰ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰ ਲਿਆ।
ਵਿਜੀਲੈਂਸ ਬਿਊਰੋ ਨੇ ਖੁਲਾਸਾ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਵੱਲੋਂ 2007 ਤੋਂ 2009 ਦਰਮਿਆਨ 161 ਕਰੋੜ ਰੁਪਏ ਦੇ ਨਕਦ ਲੈਣ-ਦੇਣ ਦੇ ਦਸਤਾਵੇਜ਼ ਮਿਲੇ ਹਨ। ਇਸ ਸਮੇਂ ਦੌਰਾਨ, ਵਿਦੇਸ਼ੀ ਸ਼ੈੱਲ ਕੰਪਨੀਆਂ ਤੋਂ 141 ਕਰੋੜ ਰੁਪਏ ਦੀ ਆਮਦਨ ਦਾ ਖੁਲਾਸਾ ਕੀਤਾ ਗਿਆ ਹੈ ਅਤੇ 194 ਕਰੋੜ ਰੁਪਏ ਦੀ ਜਾਇਦਾਦ ਖਰੀਦੀ ਗਈ ਹੈ। ਵਿਜੀਲੈਂਸ ਨੂੰ ਆਮਦਨ ਦਾ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਹੈ। ਵਿਜੀਲੈਂਸ ਨੇ ਪਾਇਆ ਹੈ ਕਿ ਇਸ ਵਿੱਚੋਂ 237 ਕਰੋੜ ਰੁਪਏ ਉਨ੍ਹਾਂ ਦੀਆਂ ਕੰਪਨੀਆਂ ਵਿੱਚ ਨਿਵੇਸ਼ ਕੀਤੇ ਗਏ ਹਨ। ਇਸ ਦਾ ਵੀ ਕੋਈ ਜਾਇਜ਼ ਸਰੋਤ ਨਹੀਂ ਮਿਲਿਆ ਹੈ ਅਤੇ ਨਾ ਹੀ ਇਸ ਸੰਬੰਧੀ ਕੋਈ ਤਸੱਲੀਬਖਸ਼ ਜਵਾਬ ਦਿੱਤਾ ਗਿਆ ਹੈ।