Rahul Gandhi Slams Election Commission: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਵੀਂ ਦਿੱਲੀ ਵਿੱਚ ਕਾਂਗਰਸ ਪਾਰਟੀ ਦੇ ਸਾਲਾਨਾ ਕਾਨੂੰਨੀ ਸੰਮੇਲਨ 2025 ਵਿੱਚ ਬੋਲਦੇ ਹੋਏ ਦੇਸ਼ ਦੀ ਚੋਣ ਪ੍ਰਣਾਲੀ ‘ਤੇ ਵੱਡਾ ਹਮਲਾ ਕੀਤਾ। ਉਨ੍ਹਾਂ ਕਿਹਾ, ‘ਭਾਰਤ ਦੀ ਚੋਣ ਪ੍ਰਣਾਲੀ ਪਹਿਲਾਂ ਹੀ ਮਰ ਚੁੱਕੀ ਹੈ।’ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਧਾਂਦਲੀ ਹੋਈ ਸੀ, ਜਿਸ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਹੁਤ ਘੱਟ ਬਹੁਮਤ ਦਿਵਾਇਆ ਗਿਆ।
ਕਾਂਗਰਸ ਧਾਂਦਲੀ ਦੇ ਸਬੂਤ ਪੇਸ਼ ਕਰੇਗੀ
ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਵਿੱਚ ਸਬੂਤ ਪੇਸ਼ ਕਰੇਗੀ ਜੋ ਸਾਬਤ ਕਰੇਗੀ ਕਿ ਲੋਕ ਸਭਾ ਚੋਣਾਂ ਨੂੰ ਕਿਵੇਂ ਅਤੇ ਕਿਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਦਿਖਾਵਾਂਗੇ ਕਿ ਲੋਕ ਸਭਾ ਚੋਣਾਂ ਵਿੱਚ ਕਿਵੇਂ ਧਾਂਦਲੀ ਕੀਤੀ ਜਾ ਸਕਦੀ ਹੈ ਅਤੇ ਕੀਤੀ ਵੀ ਗਈ।’ ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਬਹੁਤ ਘੱਟ ਬਹੁਮਤ ਨਾਲ ਸੱਤਾ ਵਿੱਚ ਆਈ ਹੈ।
ਜੇਕਰ ਧਾਂਦਲੀ ਨਾ ਹੁੰਦੀ, ਤਾਂ ਪ੍ਰਧਾਨ ਮੰਤਰੀ ਨਾ ਬਣਦੇ: ਰਾਹੁਲ
ਰਾਹੁਲ ਗਾਂਧੀ ਨੇ ਅੱਗੇ ਕਿਹਾ, ‘ਸੱਚ ਤਾਂ ਇਹ ਹੈ ਕਿ ਜੇਕਰ 15 ਸੀਟਾਂ ‘ਤੇ ਧਾਂਦਲੀ ਨਾ ਹੁੰਦੀ, ਤਾਂ ਨਰਿੰਦਰ ਮੋਦੀ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਾ ਹੁੰਦੇ।’ ਚੋਣ ਪ੍ਰਕਿਰਿਆ ਨੂੰ ਬੇਅਸਰ ਦੱਸਦਿਆਂ ਉਨ੍ਹਾਂ ਕਿਹਾ ਕਿ ‘ਭਾਰਤ ਵਿੱਚ ਚੋਣ ਪ੍ਰਣਾਲੀ ਹੁਣ ਖਤਮ ਹੋ ਗਈ ਹੈ।’
ਖੇਤੀਬਾੜੀ ਕਾਨੂੰਨਾਂ ਦੌਰਾਨ ਅਰੁਣ ਜੇਟਲੀ ਨੇ ਦਿੱਤੀ ਸੀ ਧਮਕੀ
ਰਾਹੁਲ ਗਾਂਧੀ ਨੇ ਇਸ ਦੌਰਾਨ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਜਦੋਂ ਉਹ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜ ਰਹੇ ਸਨ, ਤਾਂ ਅਰੁਣ ਜੇਟਲੀ ਨੂੰ ਉਨ੍ਹਾਂ ਨੂੰ ਧਮਕਾਉਣ ਲਈ ਭੇਜਿਆ ਗਿਆ ਸੀ। ਉਨ੍ਹਾਂ ਕਿਹਾ, ‘ਮੈਨੂੰ ਯਾਦ ਹੈ ਜਦੋਂ ਮੈਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਸੀ, ਤਾਂ ਅਰੁਣ ਜੇਟਲੀ ਜੀ ਮੈਨੂੰ ਧਮਕੀ ਦੇਣ ਆਏ ਸਨ। ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਜੇਕਰ ਤੁਸੀਂ ਸਰਕਾਰ ਦਾ ਵਿਰੋਧ ਕਰਦੇ ਰਹੇ ਅਤੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਲੜਦੇ ਰਹੇ, ਤਾਂ ਸਾਨੂੰ ਤੁਹਾਡੇ ਵਿਰੁੱਧ ਕਾਰਵਾਈ ਕਰਨੀ ਪਵੇਗੀ।’ ਇਸ ‘ਤੇ ਰਾਹੁਲ ਗਾਂਧੀ ਨੇ ਜਵਾਬ ਦਿੱਤਾ, ‘ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕਿਸ ਨਾਲ ਗੱਲ ਕਰ ਰਹੇ ਹੋ।’
ਰਾਹੁਲ ਦਾ ਦਾਅਵਾ ਕਾਂਗਰਸ ਕੋਲ ਸਬੂਤ ਹਨ
ਇਸ ਹਫ਼ਤੇ ਦੇ ਸ਼ੁਰੂ ਵਿੱਚ ਸੰਸਦ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ “ਐਟਮ ਬੰਬ” ਵਰਗੇ ਸਬੂਤ ਮਿਲੇ ਹਨ ਜੋ ਸਾਬਤ ਕਰਦੇ ਹਨ ਕਿ ਵੋਟਰ ਸੂਚੀ ਵਿੱਚ ਵੱਡੇ ਪੱਧਰ ‘ਤੇ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ, ‘ਅਸੀਂ ਡੂੰਘਾਈ ਨਾਲ ਜਾਂਚ ਕੀਤੀ ਕਿਉਂਕਿ ਚੋਣ ਕਮਿਸ਼ਨ ਸਾਡੀ ਮਦਦ ਨਹੀਂ ਕਰ ਰਿਹਾ ਸੀ। ਸਾਨੂੰ ਜੋ ਮਿਲਿਆ ਉਹ ਇੱਕ ਐਟਮ ਬੰਬ ਹੈ। ਜਦੋਂ ਇਹ ਫਟੇਗਾ, ਤਾਂ ਤੁਸੀਂ ਭਾਰਤ ਵਿੱਚ ਚੋਣ ਕਮਿਸ਼ਨ ਨਹੀਂ ਦੇਖ ਸਕੋਗੇ।’