ਫਗਵਾੜਾ, 2 ਅਗਸਤ 2025 – ਫਗਵਾੜਾ ਦੇ ਮਹੱਲਾ ਪਲਾਈ ਗੇਟ ਇਲਾਕੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਗਣੀਮਤ ਰਹੀ ਕਿ ਇਸ ਵਾਰਦਾਤ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਸੂਤਰਾਂ ਦੇ ਮੁਤਾਬਕ, ਗੋਲੀਬਾਰੀ ਦੀ ਇਹ ਘਟਨਾ ਕੁਲਜੀਤ ਬਸਰਾ ਉਰਫ ਸਾਬੀ ਪੁੱਤਰ ਕੁਲਦੀਪ ਸਿੰਘ ਦੇ ਘਰ ‘ਚ ਰਾਤ ਕਰੀਬ 10:30 ਵਜੇ ਹੋਈ। ਕੁਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਦੇ ਚਲਦਿਆਂ ਘਰ ਵਿੱਚ ਦਾਖਲ ਹੋ ਕੇ ਲਗਾਤਾਰ 8 ਤੋਂ 9 ਗੋਲੀਆਂ ਚਲਾਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ।
ਵਾਰਦਾਤ CCTv ਕੈਮਰੇ ‘ਚ ਹੋਈ ਕੈਦ
ਘਟਨਾ ਦੇ ਦੌਰਾਨ ਚੱਲੀਆਂ ਗੋਲੀਆਂ ਅਤੇ ਹਮਲਾਵਰਾਂ ਦੀ ਆਵਾਜਾਈ ਘਰ ਦੇ ਅੰਦਰ ਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈ। ਇਨ੍ਹਾਂ ਫੁਟੇਜਾਂ ਦੇ ਆਧਾਰ ‘ਤੇ ਪੁਲਿਸ ਨੇ ਦੋਸ਼ੀਆਂ ਦੀ ਪਛਾਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।
ਪੁਲਿਸ ਮੌਕੇ ‘ਤੇ ਪਹੁੰਚੀ, ਜਾਂਚ ਜਾਰੀ
ਗੋਲੀਆਂ ਚੱਲਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਐਸਐਚਓ ਮੈਡਮ ਊਸ਼ਾ ਰਾਣੀ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਕੁਲਜੀਤ ਬਸਰਾ ਦੇ ਬਿਆਨਾਂ ਦੇ ਆਧਾਰ ‘ਤੇ 2 ਨਾਂਵਰ ਅਤੇ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ।
ਐਸਐਚਓ ਮੈਡਮ ਊਸ਼ਾ ਰਾਣੀ ਨੇ ਦੱਸਿਆ,
“ਸਾਡੀ ਟੀਮ ਵਾਰਦਾਤ ਦੀ ਗੰਭੀਰਤਾ ਨੂੰ ਦੇਖਦਿਆਂ ਹਰ ਕੋਣ ਤੋਂ ਜਾਂਚ ਕਰ ਰਹੀ ਹੈ। ਸੀਸੀਟੀਵੀ ਫੁਟੇਜਾਂ ਦੀ ਵਿਸ਼ਲੇਸ਼ਣ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।”