Punjab Flood Relief: ਹੜ੍ਹ ਕਾਰਨ ਪ੍ਰਭਾਵਿਤ ਹੋਏ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਰੈੱਡ ਕਰਾਸ ਸੋਸਾਇਟੀ ਵੱਲੋਂ ਵੱਡੀ ਕੋਸ਼ਿਸ਼ ਕੀਤੀ ਗਈ ਹੈ। ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਤੋਂ 9 ਟਰੱਕਾਂ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਕਿਹੜੇ ਜ਼ਿਲ੍ਹਿਆਂ ਲਈ ਰਵਾਨਾ ਹੋਈ ਰਾਹਤ ਸਮੱਗਰੀ?
ਇਹ ਟਰੱਕ ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ, ਰੂਪਨਗਰ, ਲੁਧਿਆਣਾ, ਮਲੇਰਕੋਟਲਾ ਅਤੇ ਜਲੰਧਰ ਭੇਜੇ ਗਏ ਹਨ। ਉਥੇ ਇਹ ਸਮੱਗਰੀ ਰੈੱਡ ਕਰਾਸ ਦੀਆਂ ਜ਼ਿਲ੍ਹਾ ਇਕਾਈਆਂ ਰਾਹੀਂ ਲੋੜਵੰਦ ਹੜ੍ਹ ਪੀੜਤ ਪਰਿਵਾਰਾਂ ਤੱਕ ਪਹੁੰਚਾਈ ਜਾਵੇਗੀ।
ਸਮੱਗਰੀ ਵਿੱਚ ਕੀ ਸ਼ਾਮਲ ਹੈ?
- 7000 ਤੋਂ ਵੱਧ ਘਰੇਲੂ ਕਿੱਟਾਂ
- ਪਰਿਵਾਰਕ ਤੰਬੂ, ਤਰਪਾਲ, ਕੰਬਲ
- ਸੈਨੇਟਰੀ ਪੈਡ, ਸਾਬਣ, ਕਿਚਨ ਸੈੱਟ
- ਰਾਸ਼ਨ ਅਤੇ ਹੋਰ ਜ਼ਰੂਰੀ ਵਸਤਾਂ
- 100 ਟਨ ਪਸ਼ੂ ਚਾਰਾ ਵੀ ਭੇਜਿਆ ਗਿਆ — ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ।
ਰਾਜਪਾਲ ਨੇ ਕੀ ਕਿਹਾ?
“ਅਜਿਹੀਆਂ ਆਫ਼ਤਾਂ ‘ਚ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨਾ ਸਾਡਾ ਨੈਤਿਕ ਫ਼ਰਜ਼ ਹੈ।
ਰੈੱਡ ਕਰਾਸ ਅਤੇ ਹੋਰ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਸੇਵਾ, ਸਹਿਯੋਗ ਅਤੇ ਮਨੁੱਖੀ ਕਦਰਾਂ ਦੀ ਪਰੰਪਰਾ ਨੂੰ ਮਜ਼ਬੂਤ ਕਰਦੇ ਹਨ।
ਮੈਂ ਹਾਲ ਹੀ ਵਿੱਚ ਸੱਤ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਮਿਲ ਕੇ ਪ੍ਰਭਾਵਿਤ ਪਰਿਵਾਰਾਂ ਲਈ ਸਹਿਯੋਗ ਦੇਣ ਵਿੱਚ ਅੱਗੇ ਆਈਏ।”
ਮੌਕੇ ‘ਤੇ ਮੌਜੂਦ ਸੀਨੀਅਰ ਅਧਿਕਾਰੀ
- ਵਿਵੇਕ ਪ੍ਰਤਾਪ ਸਿੰਘ – ਪ੍ਰਮੁੱਖ ਸਕੱਤਰ ਰਾਜਪਾਲ
- ਨਿਸ਼ਾਂਤ ਕੁਮਾਰ ਯਾਦਵ – ਡਿਪਟੀ ਕਮਿਸ਼ਨਰ, ਚੰਡੀਗੜ੍ਹ
- ਸ਼ਿਵ ਦੁਲਾਰ ਸਿੰਘ ਢਿੱਲੋਂ – ਸਕੱਤਰ, ਰੈੱਡ ਕਰਾਸ ਸੋਸਾਇਟੀ ਪੰਜਾਬ
- ਹੋਰ ਅਧਿਕਾਰੀ ਅਤੇ ਰੈੱਡ ਕਰਾਸ ਸਦੱਸ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਵੀ ਹੋ ਚੁੱਕੀ ਹੈ ਰਾਹਤ ਭੇਜਣ ਦੀ ਕਾਰਵਾਈ
ਚੰਡੀਗੜ੍ਹ ਰੈੱਡ ਕਰਾਸ ਵੱਲੋਂ ਕੱਲ੍ਹ ਅੰਮ੍ਰਿਤਸਰ ਲਈ 2 ਟਰੱਕ ਭੇਜੇ ਗਏ ਸਨ, ਜਿਨ੍ਹਾਂ ‘ਚ 500 ਘਰੇਲੂ ਕਿੱਟਾਂ, ਸੈਨੇਟਰੀ ਪੈਡ ਕਿੱਟਾਂ ਅਤੇ 500 ਭਾਂਡਿਆਂ ਦੇ ਯੂਨਿਟ ਭੇਜੇ ਗਏ ਸਨ।