Hockey Asia cup 2025: ਏਸ਼ੀਆ ਕੱਪ 2025 ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸਾਊਥ ਕੋਰੀਆ ਨੂੰ 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ। ਭਾਰਤੀ ਟੀਮ ਨੇ ਚੌਥੀ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਇਸ ਟੂਰਨਾਮੈਂਟ ਵਿੱਚ ਦੋਵੇਂ ਟੀਮਾਂ ਅਜੇਤੂ ਰਹਿੰਦਿਆਂ ਫਾਈਨਲ ਵਿੱਚ ਪਹੁੰਚੀਆਂ ਸਨ, ਪਰ ਖਿਤਾਬੀ ਮੁਕਾਬਲੇ ਵਿੱਚ ਨੌਜਵਾਨ ਅਤੇ ਅਨੁਭਵੀ ਖਿਡਾਰੀਆਂ ਨਾਲ ਸੰਘਟਿਤ ਭਾਰਤੀ ਟੀਮ ਦੇ ਸਾਹਮਣੇ 5 ਵਾਰ ਦੀ ਏਸ਼ੀਅਨ ਚੈਂਪੀਅਨ ਸਾਊਥ ਕੋਰੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਮੁੱਖ ਕੋਚ ਕਰੈਗ ਫੁਲਟਨ ਨੇ ਐਸ਼ੀਆ ਕੱਪ ਜਿੱਤਣ ਦੇ ਬਾਅਦ ਐਤਵਾਰ ਨੂੰ ਇੱਥੇ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੜਕਿਆਂ ਨੇ ਏਸ਼ੀਆ ਵਿੱਚ ਚੈਂਪੀਅਨ ਟੀਮ ਬਣ ਕੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ।
ਦਿਲਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਪਿਛਲੇ ਚੈਂਪੀਅਨ ਦੱਖਣ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾਕੇ ਅੱਠ ਸਾਲ ਬਾਅਦ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਅਤੇ ਅਗਲੇ ਸਾਲ ਹੋਣ ਵਾਲੇ ਵਰਲਡਕੱਪ ਲਈ ਵੀ ਕਵਾਲੀਫਾਈ ਕਰ ਲਿਆ।
ਕ੍ਰੇਗ ਫੁਲਟਨ ਨੇ ਕਿਹਾ – ਫਿਟਨੈਸ ਭਾਰਤ ਦੀ ਸਫ਼ਲਤਾ ਦੀ ਚਾਬੀ ਰਹੀ
ਫੁਲਟਨ ਨੇ ਕਿਹਾ ਕਿ 10 ਦਿਨਾਂ ਦੇ ਅੰਤਰਾਲ ਵਿੱਚ ਲਗਾਤਾਰ ਮੈਚ ਖੇਡਣਾ ਸਰੀਰਕ ਤੌਰ ‘ਤੇ ਮੁਸ਼ਕਲ ਹੁੰਦਾ ਹੈ, ਪਰ ਫਿਟਨੈਸ ਭਾਰਤ ਦੀ ਸਫ਼ਲਤਾ ਦੀ ਕੁੰਜੀ ਰਹੀ। ਫਾਈਨਲ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਟੀਮ ਦਾ ਪ੍ਰਦਰਸ਼ਨ ਚੰਗਾ ਸੀ। ਜੇ ਤੁਸੀਂ 10 ਦਿਨਾਂ ਵਿੱਚ ਸੱਤ ਮੈਚ ਖੇਡਦੇ ਹੋ ਤਾਂ ਇਹ ਵਾਕਈ ਮੁਸ਼ਕਲ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਦੀਆਂ ਸਾਰੀਆਂ ਟੀਮਾਂ ਨਾਲੋਂ ਸਰੀਰਕ ਤੌਰ ‘ਤੇ ਜ਼ਿਆਦਾ ਮਜ਼ਬੂਤ ਸੀ।”
ਉਨ੍ਹਾਂ ਨੇ ਕਿਹਾ, “ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਏਸ਼ੀਆ ਵਿੱਚ ਨੰਬਰ ਇੱਕ ਬਣਨਾ ਚਾਹੁੰਦੇ ਹਾਂ। ਅਸੀਂ ਆਪਣੀ ਟੀਮ ਵਿੱਚ ਗਹਿਰਾਈ ਲਿਆਉਣਾ ਚਾਹੁੰਦੇ ਹਾਂ ਅਤੇ ਇਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਉੱਥੇ ਪਹੁੰਚ ਰਹੇ ਹਾਂ।”
ਫੁਲਟਨ ਨੇ ਕਿਹਾ, “ਅਸੀਂ ਚੰਗੀ ਤਿਆਰੀ ਕੀਤੀ ਅਤੇ ਚੰਗਾ ਪ੍ਰਦਰਸ਼ਨ ਕੀਤਾ। ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ, ਪਰ ਅੰਤ ਬਹੁਤ ਚੰਗਾ ਸੀ।” ਉਨ੍ਹਾਂ ਨੇ ਆਪਣੇ ਖਿਡਾਰੀਆਂ ਦੀ ਦ੍ਰਿੜਤਾ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਆਪਣਾ ਲਕਸ਼ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।”
ਹੁਣ ਧਿਆਨ ਵਰਲਡਕੱਪ ‘ਤੇ
ਉਨ੍ਹਾਂ ਨੇ ਕਿਹਾ ਕਿ ਹੁਣ ਧਿਆਨ ਅਗਲੇ ਸਾਲ ਹੋਣ ਵਾਲੇ ਦੋ ਵੱਡੇ ਟੂਰਨਾਮੈਂਟ – ਵਰਲਡਕੱਪ ਅਤੇ ਏਸ਼ੀਆਈ ਖੇਡਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਟੀਮ ਵਿੱਚ ਗਹਿਰਾਈ ਲਿਆਉਣ ‘ਤੇ ਹੈ। ਭਾਰਤ ਦੇ ਭਵਿੱਖ ਦੇ ਟੂਰਨਾਮੈਂਟ ਬਾਰੇ ਗੱਲ ਕਰਦਿਆਂ ਕੋਚ ਨੇ ਕਿਹਾ, “ਸਾਨੂੰ ਸਲਤਾਨ ਅਜ਼ਲਾਨ ਸ਼ਾਹ ਕੱਪ, ਦੱਖਣ ਅਫ਼ਰੀਕਾ ਦੌਰਾ, ਹਾਕੀ ਇੰਡੀਆ ਲੀਗ ਅਤੇ ਪ੍ਰੋ ਲੀਗ ਖੇਡਣੀਆਂ ਹਨ। ਵਰਲਡਕੱਪ ਅਤੇ ਏਸ਼ੀਆਈ ਖੇਡਾਂ ਦੇ ਵਿਚਕਾਰ ਤਿੰਨ ਹਫ਼ਤੇ ਦਾ ਅੰਤਰ ਹੈ, ਇਸ ਲਈ ਇਹ ਗਹਿਰਾਈ ਬਣਾਉਣਾ ਮਹੱਤਵਪੂਰਨ ਹੈ। ਅਗਲੇ 12-14 ਮਹੀਨਿਆਂ ਵਿੱਚ ਸਾਨੂੰ ਇਹ ਦੇਖਣਾ ਹੋਵੇਗਾ ਕਿ ਅਸੀਂ ਇਨ੍ਹਾਂ ਮੁਕਾਬਲਿਆਂ ਵਿੱਚ ਕਿੱਥੇ ਖੜੇ ਹਾਂ।” ਉਨ੍ਹਾਂ ਨੇ ਐਤਵਾਰ ਨੂੰ ਦਿਲਪ੍ਰੀਤ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ, ਜੋ ਸ਼ੁਰੂਆਤੀ ਮੈਚਾਂ ਵਿੱਚ ਥੋੜੇ ਫੀਕੇ ਲੱਗ ਰਹੇ ਸਨ।