Jalandhar Grenade Attack: ਜਲੰਧਰ ‘ਚ ਐਤਵਾਰ ਤੜਕੇ 4 ਤੋਂ 4.15 ਵਜੇ ਦੇ ਦਰਮਿਆਨ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰ ਨਵਦੀਪ ਸਿੰਘ ਸੰਧੂ ਉਰਫ ਰੋਜਰ ਸੰਧੂ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਹਮਲੇ ਮਾਮਲੇ ’ਚ 21 ਸਾਲਾਂ ਨੌਜਵਾਨ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ 21 ਸਾਲਾਂ ਨੌਜਵਾਨ ਵੱਲੋਂ ਮੁਲਜ਼ਮਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ 21 ਸਾਲਾਂ ਨੌਜਵਾਨ ਦਾ ਪਿਤਾ ਪੰਜਾਬ ਪੁਲਿਸ ’ਚ ਮੁਲਾਜ਼ਮ ਹੈ। ਹਾਲਾਂਕਿ ਹੁਣ ਤੱਕ ਮਾਮਲੇ ’ਚ ਇੱਕ ਮਹਿਲਾ ਸਣੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਦੱਸ ਦਈਏ ਕਿ ਇਨ੍ਹਾਂ ਵਿੱਚ ਦੋ ਮੁੱਖ ਮੁਲਜ਼ਮ ਅਤੇ ਲੌਜਿਸਟਿਕਸ ਸਪੋਰਟ ਦੇਣ ਵਾਲੇ ਤਿੰਨ ਲੋਕ ਸ਼ਾਮਲ ਹਨ। ਨਾਲ ਹੀ, ਗ੍ਰਿਫਤਾਰ ਔਰਤ ਨੇ ਆਪਣੇ ਘਰ ‘ਤੇ ਸੁੱਟਣ ਲਈ ਗ੍ਰੇਨੇਡ ਛੁਪਾ ਕੇ ਰੱਖਿਆ ਸੀ। ਪੁਲਿਸ ਨੇ 15 ਘੰਟਿਆਂ ਦੇ ਵਕਫ਼ੇ ਵਿੱਚ ਦੋਵੇਂ ਮੁਕਾਬਲੇ ਨੂੰ ਅੰਜਾਮ ਦਿੱਤਾ।
ਬੀਤੇ ਦਿਨ ਮੁਲਜ਼ਮਾਂ ਨਾਲ ਉਸੇ ਥਾਂ ’ਤੇ ਪਹਿਲਾ ਮੁਕਾਬਲਾ ਹੋਇਆ ਜਿੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਦੋਂਕਿ ਦੂਜਾ ਮੁਕਾਬਲਾ ਪੁਲਿਸ ਵੱਲੋਂ ਆਦਮਪੁਰ ਦੇ ਪਿੰਡ ਚੂੜਵਾਲੀ ਨੇੜੇ ਕੀਤਾ ਗਿਆ। ਦੋਵਾਂ ਮੁੱਠਭੇੜਾਂ ‘ਚ ਬਦਮਾਸ਼ ਜ਼ਖਮੀ ਹੋ ਗਏ ਹਨ। ਦੂਜੇ ਮੁਕਾਬਲੇ ਤੋਂ ਬਾਅਦ ਮੁੱਖ ਦੋਸ਼ੀ ਦੇ ਨਾਲ ਉਸ ਦੇ ਦੋ ਹੋਰ ਸਾਥੀਆਂ ਅਤੇ ਇਕ ਔਰਤ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।