ਨਾਲੇ ‘ਚੋਂ ਲਾਸ਼ ਮਿਲਣ ‘ਤੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
DedBody of young man found; ਖਬਰ ਹੁਸਿ਼ਆਰਪੁਰ ਦੇ ਪਿੰਡ ਚੌਹਾਲ ਤੋਂ ਹੈ ਜਿੱਥੇ ਕਿ ਅੱਜ ਇਕ ਨੌਜਵਾਨ ਦੀ ਨਾਲੇ ਚੋਂ ਗਲੀ-ਸੜੀ ਲਾਸ਼ ਬਰਾਮਦ ਹੋਣ ਤੋਂ ਬਾਅਦ ਲੋਕਾਂ ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਿਵੇਂ ਹੀ ਸਥਾਨਕ ਲੋਕਾਂ ਨੂੰ ਇਸਦੀ ਭਿਣਕ ਪਈ, ਤਾਂ ਉਨ੍ਹਾਂ ਵਲੋਂ ਤੁਰੰਤ ਇਸਦੀ ਸੂਚਨਾ ਪੁਲਿਸ ਵਿਭਾਗ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਖਵਿੰਦਰ ਕੁਮਾਰ ਪੁੱਤਰ ਸੁਰਿੰਦਰਪਾਲ ਵਜੋਂ ਹੋਈ ਹੈ ਜੋ ਕਿ ਪਿੰਡ ਆਦਮਵਾਲ ਅਧੀਨ ਆਉਂਦੇ ਮੁਹੱਲਾ ਰਵਿਦਾਸ ਨਗਰ ਦਾ ਰਹਿਣ ਵਾਲਾ ਹੈ। ਜਾਣਕਾਰੀ ਦਿੰਦਿਆਂ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ 9 ਸਤੰਬਰ ਤੋਂ ਲਾਪਤਾ ਸੀ ਤੇ ਉਸਦੀ ਕਾਫੀ ਭਾਲ ਕੀਤੀ ਗਈ ਪਰੰਤੂ ਕੁਝ ਪਤਾ ਨਹੀਂ ਲੱਗ ਸਕਿਆ। ਉਸਨੇ ਦੱਸਿਆ ਕਿ ਸਰੀਰ ਤੇ ਸੱਟਾਂ ਦੇ ਨਿਸ਼ਾਨ ਹਨ ਤੇ ਕਤਲ ਦਾ ਮਾਮਲਾ ਲੱਗ ਰਿਹਾ ਹੈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜੋ ਵੀ ਪਰਿਵਾਰ ਬਿਆਨ ਦਰਜ ਕਰਵਾਏਗਾ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।