Bikram Majithia statement: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਮੀਡੀਆ ਰਾਹੀ ਅਪਣਾ ਪੱਖ ਸਾਂਝਾ ਕੀਤਾ ਗਿਆ , ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪੁਲਿਸ ਵੱਲੋਂ ਕੀਤੇ ਗਏ ਐਕਸ਼ਨ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸੀ.ਐੱਮ.ਭਗਵੰਤ ਮਾਨ ਨੂੰ ਘੇਰਦਿਆਂ ਕਿਹਾ ਕਿ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਾ ਚਾਹੁੰਦੇ ਸਨ ਜਿਸ ਕਾਰਨ ਮੋਰਚਾ ਉਠਾਇਆ ਗਿਆ ਅਤੇ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ।
ਦੱਸ ਦਈਏ ਕਿ 19 ਮਾਰਚ ਨੂੰ ਪੁਲਿਸ ਨੇ ਕਾਰਵਾਈ ਕਰਦਿਆਂ ਸ਼ੰਭੂ ਅਤੇ ਖਨੌਰੀ ਬਾਰਡਰਾਂ ਨੂੰ ਖਾਲੀ ਕਰਵਾਇਆ ਗਿਆ ਸੀ ਜਿਸ ਦੇ ਚੱਲਦੇ ਕਈ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਹੁਣ ਉਨ੍ਹਾਂ ਵਿੱਚੋਂ ਕੁਝ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਪਰ ਇਹ ਕਾਰਵਾਈ ਕਿਉਂ ਕੀਤੀ ਗਈ ਹੈ ਇਸ ਨੂੰ ਲੈ ਕੇ ਹੁਣ ਵੱਡਾ ਖ਼ੁਲਾਸਾ ਹੋਇਆ ਹੈ।
ਮਜੀਠੀਆ ਨੇ ਸਵਾਲ ਪੁੱਛਿਆ ਕਿ ਭਗਵੰਤ ਮਾਨ ਜੀ ਤੁਸੀਂ ਖੁਦ ਕਹਿੰਦੇ ਸੀ ਕਿ ਜੇਕਰ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਨਹੀਂ ਜਾਏਗਾ ਤਾਂ ਲਾਹੌਰ ਜਾਏਗਾ ਭਗਵੰਤ ਮਾਨ ਜੀ ਹੁਣ ਅੰਨਦਾਤਾ ਜੇਕਰ ਦਿੱਲੀ ਜਾ ਰਿਹਾ ਸੀ ਤਾਂ ਤੁਸੀਂ ਮੋਰਚਾ ਕਿਉਂ ਚੁਕਾਇਆ ?
ਬਿਕਰਮ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਜੀ ਤੁਹਾਨੂੰ ਪੰਜਾਬੀਆਂ ਨੇ ਮੁੱਖ ਮੰਤਰੀ ਚੁਣਿਆ ਹੈ ਦਿੱਲੀ ਦਾ ਹੱਥਠੋਕਾ ਬਣ ਕੇ ਕੰਮ ਨਾ ਕਰੋ, ਤੁਹਾਡੀਆਂ ਇਹ ਵਧੀਕੀਆਂ ਲਈ ਕਿਸਾਨ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗਾ।
ਜ਼ਿਕਰਯੋਗ ਪਟਿਆਲਾ ਜੇਲ੍ਹ ‘ਚੋਂ ਦੂਜੀ ਰਾਤ ਹਿਰਾਸਤ ‘ਚ ਲਏ ਗਏ 150 ਕਿਸਾਨਾਂ ਵਿਚੋਂ 132 ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਰਿਹਾਈ ਸੋਮਵਾਰ ਦੀ ਰਾਤ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਹਿਰਾਸਤ ‘ਚ ਲਏ ਗਏ ਕਿਸਾਨਾਂ ਨੂੰ ਜਲਦੀ ਰਿਹਾਅ ਕੀਤਾ ਜਾਵੇਗਾ।
ਕਿਸਾਨ ਸੰਘਰਸ਼ ਨਾਲ ਜੁੜੇ ਲਗਭਗ 150 ਕਿਸਾਨ ਪਿਛਲੇ ਕੁਝ ਦਿਨਾਂ ਤੋਂ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ‘ਚ ਬੰਦ ਸਨ। 19 ਮਾਰਚ ਦੀ ਰਾਤ ਖਨੌਰੀ ਬਾਰਡਰ ਤੋਂ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਇੱਥੇ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ, 150 ਕਿਸਾਨਾਂ ਵਿਚੋਂ ਇੱਕ ਕਿਸਾਨ ਪਹਿਲਾਂ ਹੀ ਜ਼ਮਾਨਤ ‘ਤੇ ਛੱਡ ਦਿੱਤਾ ਗਿਆ ਸੀ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਤੋਂ ਰਿਹਾਅ ਕੀਤੇ ਗਏ 132 ਕਿਸਾਨ ਵੱਖ-ਵੱਖ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਪੁਲਿਸ ਮੁਤਾਬਕ ਉਨ੍ਹਾਂ ਕੋਲ ਕੇਵਲ 17 ਕਿਸਾਨ ਹੀ ਹਿਰਾਸਤ ‘ਚ ਹਨ।