Pakistan News: ਪਾਕਿਸਤਾਨ ‘ਚ ਇਸ ਸਮੇਂ ਹਾਲਾਤ ਆਮ ਨਹੀਂ ਹਨ। ਬਾਗੀ ਲਗਾਤਾਰ ਹਮਲੇ ਕਰ ਰਹੇ ਹਨ। ਕਈ ਲੋਕਾਂ ਦੇ ਮਰਨ ਦੀ ਖ਼ਬਰ ਹੈ।
BLA-TTP Attack on Pakistan Army: ਪਾਕਿਸਤਾਨ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਬਾਗੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਨੇ ਸੁਰੱਖਿਆ ਵਿਵਸਥਾ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਜਾਣਕਾਰੀ ਮੁਤਾਬਕ ਪਿਛਲੇ 48 ਘੰਟਿਆਂ ‘ਚ ਦੇਸ਼ ਭਰ ‘ਚ 57 ਹਮਲੇ ਹੋਏ ਹਨ, ਜਿਨ੍ਹਾਂ ‘ਚ ਬਲੋਚਿਸਤਾਨ ‘ਚ ਟਰੇਨ ਹਾਈਜੈਕਿੰਗ ਸ਼ਾਮਲ ਨਹੀਂ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਹਮਲੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਅਤੇ ਬਲੋਚ ਲਿਬਰੇਸ਼ਨ ਆਰਮੀ (BLA) ਨੇ ਕੀਤੇ ਹਨ।
ਬਾਗੀਆਂ ਨੇ ਸਨਾਈਪਰ ਸ਼ਾਟਸ, ਗ੍ਰਨੇਡ ਹਮਲਿਆਂ ਅਤੇ ਆਈਈਡੀ ਧਮਾਕਿਆਂ ਰਾਹੀਂ ਪਾਕਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਅਧਿਕਾਰਤ ਅੰਕੜਿਆਂ ਮੁਤਾਬਕ ਇਨ੍ਹਾਂ ਹਮਲਿਆਂ ‘ਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 46 ਲੋਕ ਜ਼ਖਮੀ ਹੋਏ ਹਨ। ਹਾਲਾਂਕਿ ਬੀਐਲਏ ਦੇ ਦਾਅਵੇ ਅਨੁਸਾਰ ਇਹ ਗਿਣਤੀ 100 ਤੋਂ ਵੱਧ ਦੱਸੀ ਜਾ ਰਹੀ ਹੈ।
ਫੌਜ ਦੇ ਕਾਫਲੇ ਨੂੰ ਬਣਾਇਆ ਨਿਸ਼ਾਨਾ
ਐਤਵਾਰ ਨੂੰ ਬਾਗੀਆਂ ਨੇ ਕਵੇਟਾ ਤੋਂ ਪਾਕਿਸਤਾਨ ਦੇ ਤਫਤਾਨ ਜਾ ਰਹੇ ਫੌਜ ਦੇ ਕਾਫਲੇ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ 7 ਜਵਾਨਾਂ ਦੀ ਮੌਤ ਹੋ ਗਈ, ਜਦਕਿ 21 ਹੋਰ ਜ਼ਖ਼ਮੀ ਹੋ ਗਏ। ਹਾਲਾਂਕਿ ਬਲੋਚ ਲਿਬਰੇਸ਼ਨ ਆਰਮੀ (BLA) ਨੇ ਦਾਅਵਾ ਕੀਤਾ ਹੈ ਕਿ ਇਸ ਹਮਲੇ ‘ਚ 90 ਪਾਕਿਸਤਾਨੀ ਫੌਜੀ ਮਾਰੇ ਗਏ ਹਨ। ਬੀਐਲਏ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਆਪਣੀ ਕਾਰਵਾਈ ਦੱਸਿਆ ਹੈ। ਇਹ ਹਮਲਾ ਕਵੇਟਾ ਤੋਂ 150 ਕਿਲੋਮੀਟਰ ਦੂਰ ਨੌਸ਼ਕੀ ਵਿੱਚ ਹੋਇਆ। ਘਟਨਾ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਇਲਾਕੇ ‘ਚ ਹੈਲੀਕਾਪਟਰ ਅਤੇ ਡਰੋਨ ਤਾਇਨਾਤ ਕਰ ਦਿੱਤੇ ਹਨ।
9 ਜਵਾਨ ਜ਼ਖ਼ਮੀ
ਫੌਜ ਦੇ ਕਾਫਲੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇੱਕ ਹੋਰ ਅੱਤਵਾਦੀ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਅਫਗਾਨਿਸਤਾਨ-ਪਾਕਿਸਤਾਨ ਸਰਹੱਦ ‘ਤੇ ਸਥਿਤ ਗਾਰਿਗਲ ਸਰਹੱਦੀ ਚੌਕੀ ‘ਤੇ ਹੋਇਆ। ਜਾਣਕਾਰੀ ਮੁਤਾਬਕ ਇਸ ਹਮਲੇ ‘ਚ ਫਰੰਟੀਅਰ ਕੋਰ ਬਾਜੌਰ ਸਕਾਊਟਸ ਦੇ 9 ਜਵਾਨ ਜ਼ਖਮੀ ਹੋ ਗਏ ਹਨ।
ਟਰੇਨ ਨੂੰ ਕੀਤਾ ਹਾਈਜੈਕ
ਦੱਸ ਦਈਏ ਕਿ ਇਸ ਤੋਂ ਪਹਿਲਾਂ 14 ਮਾਰਚ ਨੂੰ ਬੀਐਲਏ ਨੇ ਇੱਕ ਟਰੇਨ ਨੂੰ ਹਾਈਜੈਕ ਕਰ ਲਿਆ ਸੀ। ਪਾਕਿਸਤਾਨੀ ਫੌਜ ਅਤੇ ਬਲੋਚ ਬਾਗੀਆਂ ਵਿਚਾਲੇ ਘੰਟਿਆਂ ਤੱਕ ਭਾਰੀ ਗੋਲੀਬਾਰੀ ਹੁੰਦੀ ਰਹੀ। ਇਸ ਹਮਲੇ ਨੂੰ ਲੈ ਕੇ ਪਾਕਿਸਤਾਨ ਅਤੇ ਬਲੋਚ ਬਾਗੀਆਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ। ਪਾਕਿਸਤਾਨੀ ਫੌਜ ਮੁਤਾਬਕ ਇਸ ਹਮਲੇ ‘ਚ 31 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚ 18 ਫੌਜੀ ਵੀ ਸ਼ਾਮਲ ਹਨ। ਪਾਕਿਸਤਾਨ ‘ਚ ਲਗਾਤਾਰ ਹੋ ਰਹੇ ਇਨ੍ਹਾਂ ਅੱਤਵਾਦੀ ਹਮਲਿਆਂ ਕਾਰਨ ਦੇਸ਼ ਨੂੰ ਆਰਥਿਕ ਪੱਧਰ ‘ਤੇ ਵੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।