ਮਾਨਸਾ: ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਦੇ ਜ਼ਿਲ੍ਹੇ ਮਾਨਸਾ ਤੋਂ ਆ ਰਹੀ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਦੂਲਗੜ੍ਹ ਦੇ ਪਿੰਡ ਰੋੜਕੀ ‘ਚ ਕਬੂਤਰ ਚੋਰੀ ਕਰਨ ਦੇ ਦੋਸ਼ ‘ਚ 13 ਸਾਲ ਦੇ ਬੱਚੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ। ਬੱਚੇ ਦੇ ਕਤਲ ਦੇ ਮਾਮਲੇ ‘ਚ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਨਜ਼ਦੀਕ ਪਿੰਡ ਰੋੜਕੀ ਵਿੱਚ ਸੱਤਵੀਂ ਕਲਾਸ ਦੇ ਵਿਦਿਆਰਥੀ ਰਾਜਾ ਸਿੰਘ, ਜੋ ਕਿ ਕਬੂਤਰਾਂ ਦਾ ਸ਼ੌਕੀਨ ਸੀ ਅਕਸਰ ਹੀ ਕਬੂਤਰਾਂ ਦੇ ਪਿੱਛੇ ਦੌੜਦਾ ਰਹਿੰਦਾ ਸੀ। ਕਬੂਤਰ ਮਾਲਕਾਂ ਵੱਲੋਂ ਕਬੂਤਰ ਫੜਨ ਨੂੰ ਲੈ ਕੇ ਰਾਜਾ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਰਾਜਾ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਜਾ ਕਬੂਤਰਾਂ ਦਾ ਸ਼ੌਕੀਨ ਸੀ ਅਤੇ ਉਹ ਕਬੂਤਰਾਂ ਦੇ ਪਿੱਛੇ ਰੋਜ਼ਾਨਾ ਹੀ ਦੌੜਦਾ ਰਹਿੰਦਾ ਸੀ ਪਰ ਗੁਆਂਢੀ ਜੋ ਕਿ ਕਬੂਤਰ ਮਾਲਕ ਸੀ। ਉਸ ਨੂੰ ਕਬੂਤਰ ਫੜਨ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕੇ ਸਨ। ਬੀਤੇ ਦਿਨੀਂ ਉਨ੍ਹਾਂ ਨੇ ਰਾਜਾ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਰਾਜੇ ਦੀਆਂ ਲੱਤਾਂ ਤੋੜੀਆਂ ਬਾਅਦ ਦੇ ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ। ਰਾਤ 12 ਵਜੇ ਦੇ ਕਰੀਬ ਉਸ ਦੀ ਲਾਸ਼ ਪਰਿਵਾਰ ਨੂੰ ਮਿਲੀ ਹੈ, ਪਰਿਵਾਰ ਵੱਲੋਂ ਸਰਦੂਲਗੜ੍ਹ ਪੁਲਿਸ ਨੂੰ ਅਪੀਲ ਕੀਤੀ ਕਿ ਤੁਰੰਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ। ਸਰਦੂਲਗੜ੍ਹ ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਾ ਸਿੰਘ ਦੇ ਪਿਤਾ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੀ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈl