Faridkot: ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿੱਚ ਦੇਰ ਸ਼ਾਮ ਇੱਕ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗ ਗਈ ਜੋ ਇੰਨੀ ਬੁਰੀ ਤਰ੍ਹਾਂ ਫੈਲ ਗਈ ਕਿ ਆਸ ਪਾਸ ਦੇ ਖੇਤ ਵੀ ਲਪੇਟ ਵਿੱਚ ਆ ਗਏ ਜਿਸ ਦੇ ਚੱਲਦੇ ਕਰੀਬ 50 ਏਕੜ ਜ਼ਮੀਨ ਉੱਤੇ ਨਾੜ ਅਤੇ ਕਣਕ ਦਾ ਭਾਰੀ ਨੁਕਸਾਨ ਹੋਇਆ।
ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵੱਲੋਂ ਮਿਲ ਕੇ ਅੱਗ ਨੂੰ ਕਾਬੂ ਵਿੱਚ ਲਿਆ ਪਰ ਉਸ ਤੋਂ ਪਹਿਲਾਂ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਸੀ। ਦੂਜੇ ਪਾਸੇ ਦੱਸ ਦੀ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਨੂੰ ਤੁਰੰਤ ਸੂਚਨਾ ਦਿੱਤੀ ਗਈ ਸੀ ਪਰ ਨਾ ਤਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਮੌਕੇ ਉਤੇ ਪੁੱਜਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬਹੁਤ ਦੇਰੀ ਨਾਲ ਪਹੁੰਚੀਆਂ ਤਦ ਤੱਕ ਅੱਗ ਉੱਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ।
ਇਸ ਵਕਤ ਕਿਸਾਨਾਂ ਨੇ ਦੱਸਿਆ ਕਿ ਆਸ-ਪਾਸ ਦੇ ਚਾਰ ਪੰਜ ਪਿੰਡਾਂ ਦੇ ਵਿਅਕਤੀਆਂ ਵੱਲੋਂ ਮਿਲ ਕੇ ਇਸ ਅੱਗ ਉਤੇ ਕਾਬੂ ਪਾਇਆ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਜਿਨਾਂ ਕਿਸਾਨਾਂ ਦਾ ਇਸ ਅੱਗ ਦੇ ਚਲਦੇ ਨੁਕਸਾਨ ਹੋਇਆ ਹੈ ਪ੍ਰਸ਼ਾਸਨ ਉਸਦਾ ਮੁਆਵਜ਼ਾ ਦੇਵੇ।
ਸਪੀਕਰ ਕੁਲਤਾਰ ਸਿੰਘ ਸੰਧਵਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਲਾਈਵ ਹੋ ਕੇ ਦੱਸਿਆ ਕਿ ਕੱਲ੍ਹ ਸ਼ਾਮ ਪਿੰਡ ਦੇਵੀ ਵਾਲਾ ਕੋਟਕਪੁਰਾ ਵਿਚ ਬੜੀ ਮੰਦਭਾਗੀ ਘਟਨਾ ਵਾਪਰੀ ਹੈ। ਜਿਥੇ ਖੜ੍ਹੀ ਕਣਕ ਨੂੰ ਅੱਗ ਲੱਗ ਗਈ ਸੀ ਅਤੇ ਕਈ ਥਾਈਂ ਗੜ੍ਹੇਮਾਰੀ ਕਾਰਨ ਫ਼ਸਲਾਂ ਨੁਕਸਾਨੀਆਂ ਗਈਆਂ ਹਨ। ਉਸ ਦੀ ਰਿਪੋਰਟ ਮੰਗੀ ਹੈ। ਇਸ ਸਬੰਧੀ ਪ੍ਰਸ਼ਾਸਨ ਨੂੰ ਗਿਰਦਵਾਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਕੁਲਤਾਰ ਸੰਧਵਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਹਾਂ। ਸਰਕਾਰ ਵਲੋਂ ਬਣਦੀ ਮਦਦ ਕਰਵਾਵਾਂਗੇ।
ਉਨ੍ਹਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਇਨ੍ਹਾਂ ਦਿਨਾਂ ਵਿਚ ਧਿਆਨ ਰੱਖਿਆ ਜਾਵੇ ਜਿਥੇ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਸਪਾਰਕ ਹੁੰਦੀਆਂ ਹਨ ਉਨ੍ਹਾਂ ਦੀ ਰਿਪੋਰਟ ਕੀਤੀ ਜਾਵੇ। ਇਸ ਬਾਰੇ ’ਚ ਬਿਜਲੀ ਮਹਿਕਮੇ ਨੂੰ ਰਿਪੋਰਟ ਕੀਤੀ ਗਈ ਹੈ। ਜਿੰਨੀ ਦੇਰ ਕਣਕਾਂ ਵੱਡੀਆਂ ਨਹੀਂ ਜਾਂਦੀਆਂ ਉਦੋਂ ਤੱਕ ਬਿਜਲੀ ਮਹਿਕਮੇ ਨੂੰ ਕੱਟ ਲਗਾਉਣ ਲਈ ਵੀ ਕਿਹਾ ਗਿਆ ਹੈ। ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਹਨ ਤਾਂ ਉਹ ਦੇ ਸਕਦੇ ਹੋ। ਬਾਕੀ ਮੈਂ ਖੁਦ ਵੀ ਪਿੰਡ ਵਿਚ ਸ਼ਿਰਕਤ ਕਰਾਂਗਾ।