Gangster Attack in Civil Hospital; ਸ਼ਹਿਰ ਵਿਚ ਲੜਾਈ ਝਗੜੇ ਦੀਆਂ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਜਿੱਥੇ ਕੱਲ ਦੇਰ ਰਾਤ ਮਾਡਲ ਟਾਊਨ ਦੇ ਸਿਟੀ ਹਾਲ ਚੌਂਕ ਤੇ ਮੁਹੱਲਾ ਸੀਨਪੁਰਾ ਵਿਖੇ ਦੋ ਧਿਰਾਂ ਦਰਮਿਆਨ ਝਗੜਾ ਹੋਇਆ ਉਪਰੰਤ ਦੋਵੇਂ ਧਿਰਾਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਆ ਕੇ ਵੀ ਆਪਸ ਵਿਚ ਲੜੀਆਂ ਉੱਥੇ ਅੱਜ ਫਿਰ ਸਥਾਨਕ ਮਾਲ ਰੋਡ ‘ਤੇ ਸਥਿਤ ਇਕ ਦਫ਼ਤਰ ਦੇ ਬਾਹਰ ਮੋਟਰਸਾਈਕਲ ਅਤੇ ਸਕੂਟਰ ਦੀ ਹੋਈ ਟੱਕਰ ਉਪਰੰਤ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰਨ ਕਰ ਲਿਆ | ਇਸ ਝਗੜੇ ਦੌਰਾਨ ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਇੱਥੇ ਹੀ ਬੱਸ ਨਹੀਂ ਅੱਜ ਦੂਸਰੇ ਦਿਨ ਫਿਰ ਸਿਵਲ ਹਸਪਤਾਲ ਜੰਗ ਦਾ ਮੈਦਾਨ ਬਣਿਆ ਤੇ ਕੁੱਝ ਹਥਿਆਰਬੰਦ ਨੌਜਵਾਨਾਂ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ ਜੇਰੇ ਇਲਾਜ ਹਨੀ ਕੁਮਾਰ ਵਾਸੀ ਔਜਲਾ ਫਾਟਕ ਨੇ ਦੱਸਿਆ ਕਿ ਉਹ ਫਿਜੀਓਥਰੈਪੀ ਦੀ ਕਲੀਨਿਕ ਵਿਚ ਕੰਮ ਕਰਦਾ ਹੈ, ਅੱਜ ਸਾਡੇ ਕੋਲ ਫਿਜੀਓਥਰੈਪੀ ਕਰਵਾਉਣ ਵਾਸਤੇ ਨੌਜਵਾਨ ਜਸਪ੍ਰੀਤ ਸਿੰਘ ਆਇਆ ਜਿੱਥੇ ਉਸਦੇ ਬਾਹਰ ਖੜੇ ਮੋਟਰਸਾਈਕਲ ਨੂੰ ਕਿਸੇ ਦੀ ਐਕਟਿਵਾ ਨਾਲ ਟੱਕਰ ਹੋ ਗਈ | ਇਸ ਦੌਰਾਨ ਹੋਈ ਮਾਮੂਲੀ ਬਹਿਸ ਦੌਰਾਨ ਐਕਟਿਵਾ ਸਵਾਰ ਨੌਜਵਾਨਾਂ ਨੇ ਜਸਪ੍ਰੀਤ ਸਿੰਘ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਮੈਂ ਉਸਨੂੰ ਛਡਾਉਣ ਗਿਆ ਤਾਂ ਉਨ੍ਹਾਂ ਨੇ ਮੇਰੇ ‘ਤੇ ਵੀ ਹਮਲਾ ਕਰ ਦਿੱਤਾ | ਇਸ ਦੌਰਾਨ ਅਸੀਂ ਦੋਵੇਂ ਜ਼ਖਮੀ ਹੋ ਗਏ |
ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਸਿਵਲ ਹਸਪਤਾਲ ਵਿਚ ਦੂਜੀ ਧਿਰ ਦੇ ਦੀਪਕ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਬੱਕਰਖਾਨਾ ਚੌਂਕ ਨੇ ਦੱਸਿਆ ਕਿ ਉਸਦੇ ਰਿਸ਼ਤੇਦਾਰ ਝਗੜਾ ਹੋ ਗਿਆ ਸੀ ਤੇ ਉਹ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲੈ ਕੇ ਆਇਆ ਸੀ ਜਿੱਥੇ ਕੁੱਝ ਵਿਅਕਤੀਆਂ ਨੇ ਹਸਪਤਾਲ ਵਿਖੇ ਹੀ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ | ਐਮਰਜੈਂਸੀ ਵਿਚ ਤਾਇਨਾਤ ਡਿਊਟੀ ਡਾ. ਸਿਧਾਰਥ ਬਿੰਦਰਾ ਨੇ ਮਾਹੌਲ ਖ਼ਰਾਬ ਹੁੰਦਾ ਦੇਖ ਕੇ ਕੰਟਰੋਲ ਰੂਮ ‘ਤੇ ਫ਼ੋਨ ਕੀਤਾ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੀ.ਸੀ.ਆਰ. ਟੀਮਾਂ ਤੇ ਥਾਣਾ ਸਿਟੀ ਦੀ ਪੁਲਿਸ ਸਿਵਲ ਹਸਪਤਾਲ ਵਿਖੇ ਪੁੱਜੀ | ਜਿੱਥੇ ਪੁਲਿਸ ਟੀਮਾਂ ਨੇ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ |