Wheat stubble Burnt:ਪੰਜਾਬ ਭਰ ਦੇ ਵਿੱਚ ਬੀਤੀ ਰਾਤ ਪਈ ਬੇਮੌਸਮੀ ਬਰਸਾਤ ਅਤੇ ਤੇਜ ਤੂਫਾਨ ਦੇ ਕਾਰਨ ਜਿੱਥੇ ਸਮੁੱਚੇ ਸੂਬੇ ਭਰ ਦੇ ਅੰਦਰ ਵੱਡਾ ਨੁਕਸਾਨ ਹੋਇਆ। ਉੱਥੇ ਹੀ ਜੇਕਰ ਨਾਭਾ ਦੀ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ ਨਾਭਾ ਹਲਕੇ ਵਿੱਚ ਆਏ ਤੇਜ਼ ਹਨੇਰੀ ਝੱਖੜ ਦੇ ਨਾਲ ਕਈ ਪਿੰਡਾਂ ਵਿੱਚ ਕਣਕ ਦੀ ਨਾੜ ਨੂੰ ਅਚਾਨਕ ਅੱਗ ਲੱਗ ਗਈ। ਜਿਸ ਵਿੱਚ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਉਂਕਿ ਅਜੇ ਕਿਸਾਨਾਂ ਵੱਲੋਂ ਕਣਕ ਦੀ ਨਾੜ ਤੋਂ ਤੂੜੀ ਬਣਾਉਣੀ ਸੀ।
ਤੇਜ ਹਨੇਰੀ ਦੇ ਚਲਦਿਆਂ ਸੜਕਾਂ ਤੇ ਦਰੱਖਤ ਵੀ ਡਿੱਗ ਗਏ ਅਤੇ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਸੜਕ ਤੋਂ ਹਟਾਇਆ ਗਿਆ। ਜੇਕਰ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਨਾਭਾ ਬਲਾਕ ਦੇ ਪਿੰਡਾਂ ਸੁੱਖੇਵਾਲ, ਖਨੌੜਾ ਅਤੇ ਰਾਮਗੜ੍ਹ ਵਿਖੇ ਕਣਕ ਦੀ ਨਾੜ ਸੜ ਕੇ ਬਿਲਕੁਲ ਰਾਖ ਹੋ ਗਈ। ਪਿੰਡ ਵਾਸੀਆਂ ਵੱਲੋਂ ਟਰੈਕਟਰਾਂ ਦੀ ਮੱਦਦ ਦੇ ਨਾਲ ਵੱਧ ਦੀ ਅੱਗ ਤੇ ਕਾਬੂ ਪਾਇਆ ਗਿਆ। ਪਰ ਲੋਕਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਨਹੀਂ ਪਹੁੰਚੀਆਂ ਜਿਸ ਕਾਰਨ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਮੌਕੇ ਪਿੰਡ ਸੁੱਖੇਵਾਲ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਸੁੱਖੇਵਾਲ ਨੇ ਕਿਹਾ ਕਿ ਲਗਭਗ 50 ਕਿੱਲੇ ਕਣਕ ਦੀ ਨਾੜ ਅਤੇ 30 ਤੂੜੀ ਦੀਆਂ ਇਕੱਠੀਆਂ ਕੀਤੀਆਂ ਟਰਾਲੀਆਂ ਵੀ ਅੱਗ ਨਾਲ ਜਲ ਕੇ ਰਾਖ ਹੋ ਗਈਆਂ। ਸਾਡਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਕਿਸਾਨਾਂ ਦੀ ਮੰਗ ਹੈ ਕਿ ਅੱਗ ਨਾਲ ਜੋ ਉਹਨਾਂ ਦਾ ਨੁਕਸਾਨ ਹੋਇਆ ਹੈ ਉਸਦੇ ਮੱਦੇਨਜ਼ਰ ਸਰਕਾਰ ਨੂੰ ਕਿਸਾਨਾਂ ਦੀ ਮੱਦਦ ਕਰਨੀ ਚਾਹੀਦੀ ਹੈ।