Crime News:ਸਦਰ ਰਾਜਪੁਰਾ ਥਾਣੇ ਹੇਠ ਆਉਂਦੇ ਪਿੰਡ ਜਨਸੂਆ ‘ਚ 20 ਸਾਲਾ ਇਕ ਨੌਜਵਾਨ ਵਿਆਹੁਤਾ ਔਰਤ ਨੂੰ ਭਜਾ ਕੇ ਲੈ ਗਿਆ। ਦੋ ਬੱਚਿਆਂ ਦੀ ਮਾਂ ਨੂੰ ਭਜਾਉਣ ਵਾਲੇ ਨੌਜਵਾਨ ਦੀ ਭਾਲ ਜਾਰੀ ਸੀ, ਜਦੋਂ ਪਰਿਵਾਰ ਤੋਂ ਵੱਖ ਰਹਿੰਦੀ ਉਸ ਦੀ ਮਾਂ ਪਿੰਡ ਪਹੁੰਚੀ ਤਾਂ ਭੱਜਣ ਵਾਲੀ ਔਰਤ ਦੇ ਪਰਿਵਾਰ ਨੇ ਉਸ ਨੂੰ ਬੰਧਕ ਬਣਾ ਲਿਆ। ਮਾਰਕੁੱਟ ਕਰਦਿਆਂ ਉਸ ਨੂੰ ਪਿੰਡ ਦੇ ਚੌਕ ‘ਚ ਲੈ ਜਾ ਕੇ ਬਿਜਲੀ ਦੇ ਖੰਭੇ ਨਾਲ ਬੰਨ੍ਹ ਦਿੱਤਾ ਗਿਆ। ਇਸ ਦੌਰਾਨ ਔਰਤ ਦੇ ਕੱਪੜੇ ਤਕ ਫਟ ਗਏ।
45 ਸਾਲਾ ਇਸ ਔਰਤ ਨੂੰ ਇਕ ਘੰਟੇ ਤੋਂ ਵੱਧ ਸਮੇਂ ਤਕ ਬੰਨ੍ਹ ਕੇ ਰੱਖਿਆ ਗਿਆ ਜਦੋਂਕਿ ਲੋਕ ਮੂਕ ਦਰਸ਼ਕ ਬਣ ਕੇ ਉਸ ਦੀ ਬੇਇਜ਼ਤੀ ਦਾ ਨਜ਼ਾਰਾ ਦੇਖਦੇ ਰਹੇ। ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਆਸ਼ਾ ਦੇ ਬਿਆਨਾਂ ਦੇ ਆਧਾਰ ‘ਤੇ ਕੁਲਦੀਪ ਸਿੰਘ, ਵਿੱਕੀ, ਮੋਨੂੰ ਤੇ ਇਸ ਦੇ ਪਿਤਾ ਬਿੱਟੂ ਨਿਵਾਸੀ ਪਿੰਡ ਜਨਸੂਆ, ਵਿਜੈ, ਬਿੱਲੂ, ਪੰਜ ਅਣਪਛਾਤੀਆਂ ਔਰਤਾਂ ਤੇ ਹੋਰ ਦੋ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਚੌਕੀ ਜਨਸੂਆ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਤੇ ਉਸ ਦੇ ਪਿਤਾ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ।
ਇਹ ਹੈ ਪੂਰਾ ਮਾਮਲਾ
ਸ਼ਿਕਾਇਤਕਰਤਾ ਔਰਤ ਅਨੁਸਾਰ ਉਸ ਦਾ ਪਤੀ ਸ਼ਰਾਬ ਪੀ ਕੇ ਝਗੜਾ ਕਰਦਾ ਸੀ, ਜਿਸ ਕਾਰਨ ਉਹ ਆਪਣੇ ਛੋਟੇ ਪੁੱਤ ਨਾਲ ਲੁਧਿਆਣਾ ‘ਚ ਰਹਿਣ ਲੱਗੀ ਸੀ। 3 ਅਪ੍ਰੈਲ ਨੂੰ ਉਹ ਆਪਣੇ ਭਤੀਜੇ ਦੀ ਖਬਰ ਲੈਣ ਲਈ ਲੁਧਿਆਣਾ ਤੋਂ ਪਿੰਡ ਜਨਸੂਆ ਪਹੁੰਚੀ। ਜਿੱਥੇ ਘਰ ਤੋਂ ਭੱਜਣ ਵਾਲੀ ਔਰਤ ਦੇ ਸਹੁਰਾ ਪਰਿਵਾਰ ਨੇ ਆਸ਼ਾ ਨੂੰ ਬੰਧਕ ਬਣਾਉਣ ਤੋਂ ਬਾਅਦ ਮਾਰਕੁੱਟ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਪਿੰਡ ਦੇ ਚੌਕ ‘ਤੇ ਲੈ ਜਾ ਕੇ ਖੰਭੇ ਨਾਲ ਬੰਨ੍ਹ ਦਿੱਤਾ। ਇਸ ਤੋਂ ਇਲਾਵਾ ਔਰਤ ਦੇ ਕਪੜੇ ਪਾੜ ਕੇ ਉਸ ਨੂੰ ਨੰਗਾ ਕਰ ਕੇ ਪਿੰਡ ਵਿਚ ਘੁਮਾਉਣ ਦੀ ਗੱਲ ਕਰਨ ਲੱਗੇ, ਜਿਸ ਤੋਂ ਬਾਅਦ ਕਿਸੇ ਪਿੰਡ ਵਾਸੀ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।
ਪੁਲਿਸ ਚੌਕੀ ‘ਤੇ ਵੀ ਹਮਲਾ ਕੀਤਾ ਗਿਆ
ਔਰਤ ਆਸ਼ਾ ਨੇ ਦੱਸਿਆ ਕਿ ਪਹਿਲਾਂ ਪਹੁੰਚੀ ਪੁਲਿਸ ਟੀਮ ਨੂੰ ਔਰਤ ਨੂੰ ਛੁਡਾਉਣ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਦੂਜੀ ਗੱਡੀ ‘ਚ ਔਰਤ ਪੁਲਿਸ ਫੋਰਸ ਆਈ। ਟੀਮ ਉਸ ਨੂੰ ਬਚਾਉਣ ਤੋਂ ਬਾਅਦ ਪੁਲਿਸ ਚੌਕੀ ਲੈ ਕੇ ਗਈ। ਪੁਲਿਸ ਚੌਕੀ ਪਹੁੰਚਣ ‘ਤੇ ਮੁਲਜ਼ਮਾਂ ਨੇ ਪੁਲਿਸ ਚੌਕੀ ‘ਤੇ ਵੀ ਹਮਲਾ ਕਰ ਦਿੱਤਾ, ਜਿੱਥੇ ਪੁਲਿਸ ਨੂੰ ਇਨ੍ਹਾਂ ਲੋਕਾਂ ਨੂੰ ਲਾਠੀਚਾਰਜ ਕਰ ਕੇ ਭਜਾਉਣਾ ਪਿਆ।