Vikrant Massey: ਬਾਲੀਵੁੱਡ ਐਕਟਰ ਵਿਕਰਾਂਤ ਮੈਸੀ ਨੇ ਵੀ ਅਹਿਮਦਾਬਾਦ ਏਅਰ ਇੰਡੀਆ ਜਹਾਜ਼ ਹਾਦਸੇ ਦੀ ਦੁਖਦਾਈ ਘਟਨਾ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ, ਪਰ ਇਹ ਦੁੱਖ ਉਨ੍ਹਾਂ ਲਈ ਹੋਰ ਵੀ ਨਿੱਜੀ ਹੋ ਗਿਆ।
Vikrant Massey Cousin Death in Plane Crash: 12 ਜੂਨ 2025 ਨੂੰ ਅਹਿਮਦਾਬਾਦ ਵਿੱਚ ਹੋਏ ਏਅਰ ਇੰਡੀਆ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਡੂੰਘੇ ਸੋਗ ਵਿੱਚ ਡੁੱਬਾ ਦਿੱਤਾ ਹੈ। ਜਿੱਥੇ ਇਸ ਹਾਦਸੇ ਵਿੱਚ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ, ਉੱਥੇ ਹੀ ਕਈ ਪਰਿਵਾਰਾਂ ਨੂੰ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦਾ ਦੁੱਖ ਸਹਿਣਾ ਪਿਆ। ਇਸ ਦੇ ਨਾਲ ਹੀ ਬਾਲੀਵੁੱਡ ਐਕਟਰ ਵਿਕਰਾਂਤ ਮੈਸੀ ਦੇ ਇੱਕ ਕਰੀਬੀ ਦੀ ਵੀ ਅਹਿਮਦਾਬਾਦ ਵਿੱਚ ਏਅਰ ਇੰਡੀਆ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ।
ਵਿਕਰਾਂਤ ਮੈਸੀ ਨੇ ਵੀ ਇਸ ਦੁਖਦਾਈ ਘਟਨਾ ‘ਤੇ ਆਪਣਾ ਦੁੱਖ ਪ੍ਰਗਟ ਕੀਤਾ ਹੈ, ਪਰ ਇਹ ਦੁੱਖ ਉਨ੍ਹਾਂ ਲਈ ਹੋਰ ਵੀ ਨਿੱਜੀ ਹੋ ਗਿਆ ਜਦੋਂ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿੱਚ ਉਨ੍ਹਾਂ ਦੇ ਕਰੀਬੀ ਦੀ ਵੀ ਮੌਤ ਹੋ ਗਈ। ਦੱਸ ਦੇਈਏ ਕਿ ਉਡਾਣ ਵਿੱਚ ਸਵਾਰ ਦੋ ਪਾਇਲਟਾਂ ਦੇ ਨਾਮ ਕੈਪਟਨ ਸੁਮਿਤ ਸੱਭਰਵਾਲ ਅਤੇ ਕਲਾਈਵ ਕੁੰਦਰ ਸੀ। ਜਹਾਜ਼ ਦੀ ਕਮਾਨ ਕੈਪਟਨ ਸੁਮਿਤ ਸੱਭਰਵਾਲ ਕੋਲ ਸੀ, ਉਨ੍ਹਾਂ ਦੇ ਨਾਲ ਫਸਟ ਅਫਸਰ ਕਲਾਈਵ ਕੁੰਦਰ ਵੀ ਸੀ। ਉਨ੍ਹਾਂ ਨੂੰ 1100 ਘੰਟੇ ਦੀ ਉਡਾਣ ਦਾ ਤਜਰਬਾ ਸੀ।
ਵਿਕਰਾਂਤ ਨੇ ਇੰਸਟਾਗ੍ਰਾਮ ਸਟੋਰੀ ਰਾਹੀਂ ਆਪਣੀ ਸੰਵੇਦਨਾ ਪ੍ਰਗਟ ਕੀਤੀ ਅਤੇ ਲਿਖਿਆ – ਅੱਜ ਅਹਿਮਦਾਬਾਦ ਵਿੱਚ ਹੋਏ ਇਸ ਬਹੁਤ ਹੀ ਦੁਖਦਾਈ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਅਤੇ ਅਜ਼ੀਜ਼ਾਂ ਲਈ ਮੇਰਾ ਦਿਲ ਟੁੱਟ ਗਿਆ ਹੈ।

“ਇਸ ਤੋਂ ਵੀ ਦੁਖਦਾਈ ਗੱਲ ਇਹ ਹੈ ਕਿ ਮੇਰੇ ਚਾਚਾ, ਕਲਿਫੋਰਡ ਕੁੰਦਰ ਨੇ ਆਪਣੇ ਪੁੱਤਰ, ਕਲਾਈਵ ਕੁੰਦਰ ਨੂੰ ਗੁਆ ਦਿੱਤਾ, ਜੋ ਉਸ ਬਦਕਿਸਮਤ ਉਡਾਣ ‘ਤੇ ਪਹਿਲੇ ਅਧਿਕਾਰੀ ਵਜੋਂ ਡਿਊਟੀ ‘ਤੇ ਸੀ। ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਮੁਸ਼ਕਲ ਸਮੇਂ ਵਿੱਚ ਹਿੰਮਤ ਦੇਵੇ, ਅਤੇ ਉਨ੍ਹਾਂ ਸਾਰਿਆਂ ਨੂੰ ਤਾਕਤ ਦੇਵੇ ਜੋ ਇਸ ਹਾਦਸੇ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
242 ਲੋਕਾਂ ਚੋਂ ਬਚੀ ਇੱਕ ਦੀ ਜਾਨ, ਵਿਜੇ ਰੂਪਾਨੀ ਦੀ ਵੀ ਮੌਤ
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਏਅਰ ਇੰਡੀਆ ਦੀ ਉਡਾਣ AI 171 ਅਹਿਮਦਾਬਾਦ ਤੋਂ ਲੰਡਨ ਜਾ ਰਹੀ ਸੀ ਅਤੇ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਤਕਨੀਕੀ ਖਰਾਬੀ ਕਾਰਨ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸੀ, ਯਾਨੀ ਕੁੱਲ 242 ਲੋਕ।
ਪੂਰਾ ਦੇਸ਼ ਇਸ ਸਮੇਂ ਸੋਗ ਵਿੱਚ ਹੈ ਅਤੇ ਹਰ ਪਾਸਿਓਂ ਸੰਵੇਦਨਾ ਅਤੇ ਪ੍ਰਾਰਥਨਾਵਾਂ ਦਾ ਮੀਂਹ ਵਰ੍ਹ ਰਿਹਾ ਹੈ। ਇਸੇ ਹਾਦਸੇ ‘ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਵੀ ਮੌਤ ਹੋ ਗਈ ਹੈ। ਉਹ ਆਪਣੀ ਪਤਨੀ ਅਤੇ ਧੀ ਨੂੰ ਮਿਲਣ ਲੰਡਨ ਜਾ ਰਹੇ ਸੀ।