ਕਪੂਰਥਲਾ-ਸੁਲਤਾਨਪੁਰ ਲੋਧੀ ਮੁੱਖ ਮਾਰਗ ‘ਤੇ ਪਿੰਡ ਡਡਵਿੰਡੀ ਨੇੜੇ ਬਣ ਰਹੇ ਬਾਈਪਾਸ ਰੋਡ ਲਈ ਅਕਵਾਇਰ ਹੋਈ ਜ਼ਮੀਨ ਦਾ ਪ੍ਰਸ਼ਾਸਨ ਵਲੋਂ ਕਿਸਾਨਾਂ ਨਾਲ ਸਹਿਮਤੀ ਬਣਨ ਤੋਂ ਬਾਅਦ ਕਬਜ਼ਾ ਲੈ ਲਿਆ ਗਿਆ। ਸਵੇਰੇ ਕਰੀਬ 5 ਵਜੇ ਭਾਰੀ ਪੁਲਿਸ ਫੋਰਸ ਨਾਲ ਐਸ. ਡੀ. ਐਮ. ਸੁਲਤਾਨਪੁਰ ਲੋਧੀ ਅਲਕਾ ਕਾਲੀਆ ਤੇ ਐੱਸ. ਪੀ. (ਡੀ) ਪੀ. ਐੱਸ. ਵਿਰਕ ਦੀ ਅਗਵਾਈ ‘ਚ ਕਬਜ਼ਾ ਲੈਣ ਪਹੁੰਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਪਹਿਲਾਂ ਕਿਸਾਨਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਇਕ ਵਾਰੀ ਕਬਜ਼ਾ ਲੈਣ ਦਾ ਕੰਮ ਰੋਕ ਦਿੱਤਾ ਗਿਆ। ਉਪਰੰਤ ਦੋਵਾਂ ਧਿਰਾਂ ਵਿਚ ਸਹਿਮਤੀ ਬਣਨ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵਲੋਂ ਕਰੀਬ 3 ਕਿਲੋਮੀਟਰ ਲੰਬੇ ਹਾਈਵੇਅ ਦੀ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ।
ਇਸ ਮੌਕੇ ਹਾਈਵੇਅ ਉਤੇ ਆਉਣ ਵਾਲੀ ਜ਼ਮੀਨ ਦੇ ਮਾਲਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਿਆ ਅਤੇ ਵਪਾਰਕ ਜ਼ਮੀਨ ਦਾ ਮੁੱਲ ਵੀ ਘੱਟ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸਟੇਟ ਪੀ. ਡਬਲਿਊ. ਡੀ. ਦੇ ਨੈਸ਼ਨਲ ਹਾਈਵੇ ਜਲੰਧਰ ਡਵੀਜ਼ਨ ਦੇ ਐਗਜ਼ੀਕਿਊਟਿਵ ਇੰਜੀਨੀਅਰ ਪ੍ਰੇਮ ਕਮਲ ਨੇ ਦੱਸਿਆ ਕਿ ਇਹ ਨੈਸ਼ਨਲ ਹਾਈਵੇ 703 ਏ ਅਧੀਨ ਆਉਂਦਾ ਮਨਿਸਟਰੀ ਆਫ ਰੋਡ ਟਰਾਂਸਪੋਰਟ ਦਿੱਲੀ ਦਾ ਪ੍ਰੋਜੈਕਟ ਹੈ ਅਤੇ ਇਸ ਵਿਚ ਇਕ ਰੇਲਵੇ ਦਾ ਓਵਰਬ੍ਰਿਜ ਵੀ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਕਾਫੀ ਦੇਰ ਪਹਿਲਾਂ ਜਾਰੀ ਹੋ ਚੁੱਕਾ ਸੀ ਅਤੇ ਕਿਸਾਨਾਂ ਵਲੋਂ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਕੇਸ ਦਾਇਰ ਕੀਤੇ ਗਏ ਸਨ ਜੋ ਕਿ ਦੋਵਾਂ ਮਾਣਯੋਗ ਅਦਾਲਤਾਂ ਵਿਚੋਂ ਖਾਰਜ ਹੋ ਚੁੱਕੇ ਹਨ।
ਇਸ ਤੋਂ ਬਾਅਦ ਨੈਸ਼ਨਲ ਹਾਈਵੇ ਪ੍ਰੋਜੈਕਟ ਸਬੰਧੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਅੱਜ ਜ਼ਮੀਨ ਦਾ ਕਬਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਸਹਿਮਤੀ ਬਣਨ ਤੋਂ ਬਾਅਦ ਰੋਡ ਵਾਲੀ ਜਗ੍ਹਾ ਦੇ ਦੋਵੇਂ ਪਾਸੇ ਵੱਟ ਲਗਾ ਦਿੱਤੀ ਜਾਵੇਗੀ, ਜਿਸ ਨੂੰ ਕਿਸਾਨ ਨਹੀਂ ਛੇੜਨਗੇ। ਇਸ ਮੌਕੇ ਸਾਬਕਾ ਸਰਪੰਚ ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤ ਕਿਸਾਨ ਹਰਜਿੰਦਰ ਸਿੰਘ, ਬਲਵਿੰਦਰ ਸਿੰਘ, ਬਹਾਦਰ ਸਿੰਘ, ਸੋਹਣ ਸਿੰਘ, ਚਰਨ ਸਿੰਘ, ਪਿਆਰਾ ਸਿੰਘ, ਸੂਰਤ ਸਿੰਘ, ਸਵਰਨ ਸਿੰਘ, ਰਣਜੀਤ ਸਿੰਘ, ਕਰਮਬੀਰ ਸਿੰਘ ਕੇਬੀ, ਦਿਲਦਾਰ ਸਿੰਘ, ਹਰਦਿਆਲ ਸਿੰਘ ਦਿੱਲੀ ਵਾਲੇ, ਬਖਸ਼ੀਸ਼ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ, ਤਰਲੋਚਨ ਸਿੰਘ, ਮਹਿੰਦਰ ਸਿੰਘ, ਹਰਜਿੰਦਰ ਸਿੰਘ, ਪਾਲ ਸਿੰਘ ਤੇ ਗੁਰਵਿੰਦਰ ਸਿੰਘ ਦੀ ਜ਼ਮੀਨ ਅਕਵਾਇਰ ਕੀਤੀ ਗਈ ਹੈ ਅਤੇ ਪ੍ਰਸ਼ਾਸਨ ਵਲੋਂ ਜ਼ਮੀਨ ‘ਤੇ ਕਬਜ਼ਾ ਕਰਨ ਸਬੰਧੀ ਕੋਈ ਨੋਟਿਸ ਨਹੀਂ ਦਿੱਤਾ ਗਿਆ ਅਤੇ ਅਚਾਨਕ ਹੀ ਧਾਵਾ ਬੋਲ ਦਿੱਤਾ ਗਿਆ।
ਕਿਸਾਨਾਂ ਨੇ ਦੋਸ਼ ਲਗਾਇਆ ਕਿ ਅਜੇ ਤੱਕ ਉਨ੍ਹਾਂ ਦੇ ਖਾਤਿਆਂ ਵਿਚ ਕੋਈ ਵੀ ਪੈਸਾ ਨਹੀਂ ਪਾਇਆ ਗਿਆ ਅਤੇ ਉਨ੍ਹਾਂ ਦੀ ਜ਼ਮੀਨ ਹਾਈਵੇ ਨਾਲ ਲੱਗਦੀ ਹੋਣ ਕਰਕੇ ਕਮਰਸ਼ੀਅਲ ਭਾਅ ‘ਤੇ ਵਿਕਣੀ ਚਾਹੀਦੀ ਹੈ ਜਦਕਿ ਪ੍ਰਸ਼ਾਸਨ ਵਲੋਂ ਇਸ ਦਾ ਬਹੁਤ ਘੱਟ ਰੇਟ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਘੱਟੋ-ਘੱਟ ਡੇਢ ਕਰੋੜ ਰੁਪਏ ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਖਬਰ ਲਿਖੇ ਜਾਣ ਤੱਕ ਅੱਠ ਜੇ.ਸੀ.ਬੀ. ਮਸ਼ੀਨਾਂ ਕਬਜ਼ਾ ਲੈਣ ਲਈ ਕੰਮ ਕਰ ਰਹੀਆਂ ਸਨ। ਇਸ ਮੌਕੇ ਜਥੇਦਾਰ ਮੁਖਤਿਆਰ ਸਿੰਘ ਸੋਢੀ ਡਡਵਿੰਡੀ, ਕਰਮਵੀਰ ਸਿੰਘ ਕੇਬੀ, ਸਾਬਕਾ ਸਰਪੰਚ ਜਸਬੀਰ ਸਿੰਘ, ਕਿਸਾਨ ਆਗੂ ਪਰਮਜੀਤ ਸਿੰਘ ਪੱਕਾ ਕੋਠਾ, ਹਾਕਮ ਸਿੰਘ ਸ਼ਾਹਜਾਨਪੁਰ ਅਤੇ ਬਲਬੀਰ ਸਿੰਘ ਸੰਧਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।