Punjab News: ਬੀਤੇ ਦਿਨੀਂ ਹੁਸ਼ਿਆਰਪੁਰ ਸ਼ਹਿਰ ਤੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਸੀ। ਜਿਥੇ ਕਿ ਇਕ 5 ਸਾਲ ਦਾ ਬੱਚਾ ਅਗਵਾ ਹੋ ਗਿਆ ਸੀ, ਜਿਸ ਤੋਂ ਬਾਅਦ ਉਸਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਹੈ, ਦਰਿੰਦਗੀ ਦੇ ਸ਼ਿਕਾਰ ਉਸ ਬੱਚੇ ਦੀ ਲਾਸ਼ ਬੇਹਦ ਦੁਖਦਾਇਕ ਹਾਲਾਤਾਂ ਵਿੱਚ ਮਿਲੀ ਸੀ। ਤਸੀਹੇ ਦਿੰਦੇ ਹੋਏ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮਾਮਲੇ ਨੂੰ ਲੈ ਕੇ ਹੁਣ ਸੂਬੇ ਭਰ ਦੇ ਲੋਕਾਂ ਵਿੱਚ ਰੋਸ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ।
ਅੱਜ ਸੁਲਤਾਨਪੁਰ ਲੋਧੀ ਵਿਖੇ ਇਨਸਾਫ ਪਸੰਦ ਲੋਕਾਂ ਵੱਲੋਂ ਵਿਸ਼ਾਲ ਇਕੱਤਰਤਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਲੋਕਾਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ। ਇਹਨਾਂ ਦੀਆਂ ਪ੍ਰੋਪਰਟੀਆਂ ਖਰੀਦਣ ਤੇ ਪਾਬੰਦੀ ਲੱਗੇ ਅਤੇ ਹੋਰ ਸਖਤ ਫੈਸਲੇ ਲਏ ਜਾਣ ਤਾਂ ਜੋ ਭਵਿੱਖ ਵਿੱਚ ਕੋਈ ਵੀ ਪ੍ਰਵਾਸੀ ਕਿਸੇ ਵੀ ਪੰਜਾਬੀ ਬੱਚੇ ਨਾਲ ਅਜਿਹਾ ਵਰਤਾਰਾ ਨਾ ਕਰੇ।
ਇਸ ਦੇ ਨਾਲ ਹੀ ਬੀਤੇ ਦਿਨੀਂ ਹੁਸ਼ਿਆਰਪੁਰ ਨਜ਼ਦੀਕੀ ਪਿੰਡ ਬਜਵਾੜਾ ਦੀ ਪੰਚਾਇਤ ਵੱਲੋਂ ਸਰਪੰਚ ਰਾਜੇਸ਼ ਕੁਮਾਰ ਬੱਬੂ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਮਿਲ ਕੇ ਇੱਕ ਮਤਾ ਪਾਸ ਕੀਤਾ ਹੈ। ਇਸ ਮਤੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਨਾ ਤਾਂ ਘਰ ਦਿੱਤਾ ਜਾਵੇਗਾ ਅਤੇ ਨਾ ਹੀ ਪਲਾਟ ਖਰੀਦਣ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਪੰਚਾਇਤ ਵੱਲੋਂ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ, ਪੈਨ ਕਾਰਡ ਜਾਂ ਹੋਰ ਕੋਈ ਵੀ ਸਰਕਾਰੀ ਦਸਤਾਵੇਜ਼ ਤਿਆਰ ਨਹੀਂ ਕੀਤਾ ਜਾਵੇਗਾ।
ਪੰਚਾਇਤ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਪਿੰਡ ਵਾਸੀ ਨੇ ਪ੍ਰਵਾਸੀਆਂ ਨੂੰ ਪਲਾਟ ਵੇਚਿਆ ਜਾਂ ਕਿਰਾਏਦਾਰ ਰੱਖਿਆ ਤਾਂ ਉਸ ਪਿੰਡ ਵਾਸੀ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਪੰਚਾਇਤ ਦੇ ਇਸ ਕਦਮ ਤੋਂ ਸਾਫ਼ ਹੈ ਕਿ ਹੁਣ ਲੋਕ ਪਿੰਡ ਪੱਧਰ ‘ਤੇ ਵੀ ਪ੍ਰਵਾਸੀਆਂ ਵਿਰੁੱਧ ਸੰਗਠਿਤ ਹੋ ਰਹੇ ਹਨ।
ਸਰਪੰਚ ਰਾਜੇਸ਼ ਕੁਮਾਰ ਬੱਬੂ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਪਿੰਡ ਦੇ ਨਿਵਾਸੀਆਂ ਵਿੱਚ ਭਾਰੀ ਰੋਸ ਹੈ ਅਤੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਸੁਰੱਖਿਆ ਤੇ ਸ਼ਾਂਤੀ ਸਭ ਤੋਂ ਪਹਿਲੀ ਤਰਜੀਹ ਹੈ, ਇਸ ਲਈ ਇਹ ਮਤਾ ਪਾਸ ਕੀਤਾ ਗਿਆ ਹੈ।
ਇਸ ਮੌਕੇ ਲੋਕਾਂ ਵੱਲੋਂ ਵੀ ਪੰਚਾਇਤ ਦੇ ਫ਼ੈਸਲੇ ਦਾ ਸਮਰਥਨ ਕੀਤਾ ਗਿਆ ਅਤੇ ਸਪਸ਼ਟ ਕੀਤਾ ਗਿਆ ਕਿ ਉਹ ਆਪਣੇ ਖੇਤਰ ਵਿੱਚ ਕਿਸੇ ਵੀ ਕੀਮਤ ‘ਤੇ ਅਸ਼ਾਂਤੀ ਨਹੀਂ ਚਾਹੁੰਦੇ।