Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਚੇ ਵਿਅਕਤੀ ਨੇ ਦੱਸਿਆ ਕਿ ਜਦੋਂ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸਦੇ ਆਲੇ-ਦੁਆਲੇ ਸਿਰਫ਼ ਲਾਸ਼ਾਂ ਸਨ। ਉਸਨੇ ਦੱਸਿਆ ਕਿ ਉਸਦਾ ਭਰਾ ਵੀ ਇਸ ਜਹਾਜ਼ ਵਿੱਚ ਸਫ਼ਰ ਕਰ ਰਿਹਾ ਸੀ।
Ahmedabad Plane Crash Survivor Story: ਅਹਿਮਦਾਬਾਦ ‘ਚ ਏਅਰ ਇੰਡੀਆ ਹਾਦਸੇ ਤੋਂ ਬਚੇ ਇੱਕ ਯਾਤਰੀ ਦੀ ਖ਼ਬਰ ਸਾਹਮਣੇ ਆਈ ਹੈ। ਅਹਿਮਦਾਬਾਦ ਪੁਲਿਸ ਕਮਿਸ਼ਨਰ ਜੀਐਸ ਮਲਿਕ ਨੇ ਕਿਹਾ, “ਪੁਲਿਸ ਨੂੰ ਸੀਟ 11ਏ ‘ਤੇ ਇੱਕ ਵਿਅਕਤੀ ਬਚਿਆ ਮਿਲਿਆ। ਉਹ ਵਿਅਕਤੀ ਹਸਪਤਾਲ ਵਿੱਚ ਮਿਲਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਅਜੇ ਤੱਕ ਮੌਤਾਂ ਦੀ ਗਿਣਤੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਜਹਾਜ਼ ਇੱਕ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋਇਆ ਸੀ।”
‘ਜਦੋਂ ਮੈਂ ਜਾਗਿਆ ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਸਨ’
40 ਸਾਲਾਂ ਬਚੇ ਵਿਅਕਤੀ ਵਿਸ਼ਵਾਸ ਕੁਮਾਰ ਰਮੇਸ਼ ਨੇ ਆਪਣੀ ਕਹਾਣੀ ਦੱਸੀ। ਉਸਨੇ ਕਿਹਾ, “ਉਡਾਣ ਭਰਨ ਤੋਂ ਤੀਹ ਸਕਿੰਟਾਂ ਬਾਅਦ, ਇੱਕ ਤੇਜ਼ ਆਵਾਜ਼ ਆਈ ਅਤੇ ਫਿਰ ਜਹਾਜ਼ ਕਰੈਸ਼ ਹੋ ਗਿਆ। ਇਹ ਸਭ ਬਹੁਤ ਜਲਦੀ ਹੋਇਆ। ਜਦੋਂ ਮੈਂ ਜਾਗਿਆ, ਤਾਂ ਮੇਰੇ ਆਲੇ-ਦੁਆਲੇ ਲਾਸ਼ਾਂ ਬਿਖਰੀਆਂ ਹੋਈਆਂ ਸੀ। ਮੈਂ ਡਰ ਗਿਆ ਅਤੇ ਉੱਥੋਂ ਭੱਜ ਗਿਆ। ਜਹਾਜ਼ ਦੇ ਟੁਕੜੇ ਮੇਰੇ ਆਲੇ-ਦੁਆਲੇ ਖਿੰਡੇ ਹੋਏ ਸੀ। ਕਿਸੇ ਨੇ ਮੈਨੂੰ ਫੜ ਲਿਆ ਤੇ ਮੈਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਗਏ।”
ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ ਵਿਸ਼ਵਾਸ
ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਝ ਦਿਨਾਂ ਲਈ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆਇਆ ਸੀ ਅਤੇ ਆਪਣੇ ਭਰਾ ਅਜੈ ਕੁਮਾਰ ਰਮੇਸ਼ (45) ਨਾਲ ਬ੍ਰਿਟੇਨ ਵਾਪਸ ਜਾ ਰਿਹਾ ਸੀ। ਵਿਸ਼ਵਾਸ ਨੇ ਕਿਹਾ ਕਿ ਉਹ 20 ਸਾਲਾਂ ਤੋਂ ਲੰਡਨ ਵਿੱਚ ਰਹਿ ਰਿਹਾ ਹੈ। ਉਸਦੀ ਪਤਨੀ ਅਤੇ ਬੱਚੇ ਵੀ ਲੰਡਨ ਵਿੱਚ ਰਹਿੰਦੇ ਹਨ। ਬ੍ਰਿਟੇਨ ਦੇ ਰਾਜਾ ਚਾਰਲਸ III ਨੇ ਕਿਹਾ ਕਿ ਉਹ ਅਤੇ ਰਾਣੀ ਕੈਮਿਲਾ ਅਹਿਮਦਾਬਾਦ ਵਿੱਚ ਵਾਪਰੀ ਭਿਆਨਕ ਘਟਨਾ ਤੋਂ ਹੈਰਾਨ ਹਨ।
AAIB ਕਰੇਗਾ ਹਾਦਸੇ ਦੀ ਜਾਂਚ
ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਅਹਿਮਦਾਬਾਦ ਜਹਾਜ਼ ਹਾਦਸੇ ਦੀ ਜਾਂਚ ਕਰੇਗਾ। ਅਧਿਕਾਰੀ ਨੇ ਕਿਹਾ ਕਿ ਏਏਆਈਬੀ ਦੇ ਡਾਇਰੈਕਟਰ ਜਨਰਲ ਅਤੇ ਏਜੰਸੀ ਵਿੱਚ ਜਾਂਚ ਨਿਰਦੇਸ਼ਕ ਸਮੇਤ ਹੋਰ ਅਹਿਮਦਾਬਾਦ ਲਈ ਰਵਾਨਾ ਹੋਣਗੇ। ਬੋਇੰਗ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਸ਼ੁਰੂਆਤੀ ਰਿਪੋਰਟਾਂ ਤੋਂ ਜਾਣੂ ਹਾਂ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੇ ਹਾਂ।”
ਗੁਜਰਾਤ ਸਰਕਾਰ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਨਮੂਨੇ ਦੇਣ ਦੀ ਅਪੀਲ ਕੀਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੀਆਂ ਲਾਸ਼ਾਂ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ ਹੈ।