Air India Plane Crash: ਅਹਿਮਦਾਬਾਦ ਰਵਾਨਾ ਹੋਣ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਤੋਂ ਫੋਨ ‘ਤੇ ਹਾਦਸੇ ਬਾਰੇ ਪੁੱਛਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
Air India Plane Crash in Ahmedabad : ਵੀਰਵਾਰ ਨੂੰ ਗੁਜਰਾਤ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਹੋਇਆ। ਇਸ ਜਹਾਜ਼ ਵਿੱਚ 272 ਲੋਕ ਸਵਾਰ ਸੀ। ਬੀਐਸਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਨੂੰ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਹਾਦਸਾਗ੍ਰਸਤ ਜਹਾਜ਼ ਬੋਇੰਗ ਦਾ 787 ਡ੍ਰੀਮਲਾਈਨਰ ਦੱਸਿਆ ਜਾ ਰਿਹਾ ਹੈ, ਜੋ ਕਿ 11 ਸਾਲ ਪੁਰਾਣਾ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਜਹਾਜ਼ ਹਾਦਸੇ ‘ਤੇ ਪ੍ਰਗਟਾਈ ਚਿੰਤਾ
ਜਹਾਜ਼ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਅਹਿਮਦਾਬਾਦ ਵਿੱਚ ਵਾਪਰੀ ਤ੍ਰਾਸਦੀ ਨੇ ਸਾਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਇਹ ਸ਼ਬਦਾਂ ਤੋਂ ਪਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਇਸ ਦੁਖਦਾਈ ਪਲ ਵਿੱਚ, ਮੇਰੀ ਸੰਵੇਦਨਾ ਇਸ ਤੋਂ ਪ੍ਰਭਾਵਿਤ ਸਾਰੇ ਲੋਕਾਂ ਨਾਲ ਹੈ। ਮੈਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ।”
ਹਾਦਸੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ: ਅਮਿਤ ਸ਼ਾਹ
ਅਮਿਤ ਸ਼ਾਹ ਨੇ ਕਿਹਾ, – “ਮੈਂ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਆਫ਼ਤ ਪ੍ਰਤੀਕਿਰਿਆ ਬਲਾਂ ਨੂੰ ਤੁਰੰਤ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਘਵੀ ਅਤੇ ਅਹਿਮਦਾਬਾਦ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ।”
ਯੂਕੇ ਦੇ ਪ੍ਰਧਾਨ ਮੰਤਰੀ ਨੇ ਜਹਾਜ਼ ਹਾਦਸੇ ‘ਤੇ ਚਿੰਤਾ ਪ੍ਰਗਟ ਕੀਤੀ
ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਟਵੀਟ ਕੀਤਾ, “ਲੰਡਨ ਜਾਣ ਵਾਲਾ ਇੱਕ ਜਹਾਜ਼, ਜਿਸ ਵਿੱਚ ਕਈ ਬ੍ਰਿਟਿਸ਼ ਨਾਗਰਿਕ ਸ਼ਾਮਲ ਸਨ, ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਿਆ ਹੈ। ਦ੍ਰਿਸ਼ ਬਹੁਤ ਭਿਆਨਕ ਹਨ। ਮੈਨੂੰ ਇਸ ਮਾਮਲੇ ਦੀ ਹਰ ਜਾਣਕਾਰੀ ਦਿੱਤੀ ਜਾ ਰਹੀ ਹੈ। ਮੇਰੀਆਂ ਸੰਵੇਦਨਾਵਾਂ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।”
ਜਹਾਜ਼ ‘ਚ ਸਵਾਰ ਸੀ 169 ਭਾਰਤੀ, 53 ਬ੍ਰਿਟਿਸ਼, ਸੱਤ ਪੁਰਤਗਾਲੀ ਅਤੇ ਕੈਨੇਡੀਅਨ ਨਾਗਰਿਕ
ਏਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾਣ ਵਾਲੀ ਉਡਾਣ ਨੰਬਰ AI171 ਅੱਜ ਉਡਾਣ ਭਰਨ ਤੋਂ ਬਾਅਦ ਹਾਦਸਾਗ੍ਰਸਤ ਹੋ ਗਈ। ਬੋਇੰਗ 787-8 ਜਹਾਜ਼, ਜੋ ਕਿ ਦੁਪਹਿਰ 1338 ਵਜੇ ਅਹਿਮਦਾਬਾਦ ਤੋਂ ਰਵਾਨਾ ਹੋਇਆ ਸੀ, ਵਿੱਚ 242 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਨ੍ਹਾਂ ਵਿੱਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਅਤੇ 7 ਪੁਰਤਗਾਲੀ ਨਾਗਰਿਕ ਹਨ। ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ।