New Hi-Tech Ambulances: ਡਾ. ਬਲਬੀਰ ਸਿੰਘ ਨੇ 46 ਅਤਿ-ਆਧੁਨਿਕ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਸੂਬੇ ਭਰ ਵਿੱਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕਰਨਗੀਆਂ।
Punjab’s Emergency 108 Ambulance Service: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਵਿੱਚ ਸਮੇਂ ਸਿਰ, ਪਹੁੰਚਯੋਗ ਅਤੇ ਮਿਆਰੀ ਸਿਹਤ ਸੰਭਾਲ ਯਕੀਨੀ ਬਣਾਉਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ 46 ਅਤਿ-ਆਧੁਨਿਕ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜੋ ਸੂਬੇ ਭਰ ਵਿੱਚ ਐਮਰਜੈਂਸੀ ਡਾਕਟਰੀ ਸੇਵਾਵਾਂ ਦਾ ਹੋਰ ਵਿਸਥਾਰ ਕਰਨਗੀਆਂ।
ਨਵੀਆਂ ਐਂਬੂਲੈਂਸਾਂ ਸ਼ਾਮਲ ਕਰਨ ਨਾਲ ਪੰਜਾਬ ਦੇ ਐਮਰਜੈਂਸੀ ਐਂਬੂਲੈਂਸ ਫਲੀਟ ਦੀ ਗਿਣਤੀ 371 ਹੋ ਗਈ ਹੈ, ਜਿਸ ਨਾਲ ਇਸ ਦੀਆਂ ਜੀਵਨ ਰੱਖਿਅਕ ਸਮਰੱਥਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਨ੍ਹਾਂ ਨਵੀਂਆਂ ਸ਼ਾਮਲ ਕੀਤੀਆਂ ਐਂਬੂਲੈਂਸਾਂ ਵਿੱਚ 7 ‘ਚਾਈਲਡ ਮੈਮੋਰੀਅਲ ਐਂਬੂਲੈਂਸਾਂ’ ਵੀ ਸ਼ਾਮਲ ਹਨ, ਜੋ ਇਸ ਸਾਲ 7 ਮਈ ਨੂੰ ਸਮਾਣਾ (ਪਟਿਆਲਾ) ਵਿਖੇ ਵਾਪਰੇ ਸੜਕ ਹਾਦਸੇ ਵਿੱਚ ਦੁਖਦਾਈ ਤੌਰ ‘ਤੇ ਆਪਣੀਆਂ ਜਾਨਾਂ ਗੁਆਉਣ ਵਾਲੇ ਬੱਚਿਆਂ ਦੀ ਯਾਦ ਨੂੰ ਸਮਰਪਿਤ ਹਨ। ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਨਾਲ ਲੈਸ ਇਹ ਐਂਬੂਲੈਂਸਾਂ ਖੇਤਰ ਵਿੱਚ ਐਮਰਜੈਂਸੀ ਰਿਸਪਾਂਸ ਨੂੰ ਮਜ਼ਬੂਤ ਕਰਦੇ ਹੋਏ ਉਨ੍ਹਾਂ ਬੱਚਿਆਂ ਨੂੰ ਸ਼ਰਧਾਂਜਲੀ ਵਜੋਂ ਕੰਮ ਕਰਨਗੀਆਂ।
‘ਟੀਚਾ ਰਿਸਪਾਂਸ ਸਮੇਂ ਨੂੰ 10 ਮਿੰਟ ਤੱਕ ਘਟਾਉਣਾ’
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਾਰੀਆਂ ਨਵੀਆਂ ਸ਼ਾਮਲ ਕੀਤੀਆਂ ਗਈਆਂ ਐਂਬੂਲੈਂਸਾਂ ਅਤਿ-ਆਧੁਨਿਕ ਡਾਕਟਰੀ ਉਪਕਰਣਾਂ ਨਾਲ ਲੈਸ ਹਨ ਜਿਨ੍ਹਾਂ ਵਿੱਚ ਆਕਸੀਜਨ ਅਤੇ ਐਂਬੂ-ਬੈਗ, ਜੀਵਨ-ਰੱਖਿਅਕ ਦਵਾਈਆਂ ਅਤੇ ਤੁਰੰਤ ਰਿਸਪਾਂਸ ਨੂੰ ਯਕੀਨੀ ਬਣਾਉਣ ਲਈ ਜੀਪੀਐਸ-ਅਧਾਰਤ ਟਰੈਕਿੰਗ ਸਿਸਟਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਐਂਬੂਲੈਂਸ ਸੇਵਾ ਪੀੜਤਾਂ ਤੱਕ 15 ਮਿੰਟ ਅਤੇ ਪੇਂਡੂ ਖੇਤਰਾਂ ਵਿੱਚ 20 ਮਿੰਟ ਵਿਚ ਪਹੁੰਚ ਰਹੀ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਬਿਹਤਰ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਦੇ ਮੁਤਾਬਕ ਹੈ। ਉਨ੍ਹਾਂ ਅੱਗੇ ਕਿਹਾ, “ਸਾਡਾ ਟੀਚਾ ਰਿਸਪਾਂਸ ਸਮੇਂ ਨੂੰ 10 ਮਿੰਟ ਤੱਕ ਘਟਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਗੰਭੀਰ ਦੇਖਭਾਲ ਸੇਵਾ ਗੋਲਡਨ ਆਵਰ ਅੰਦਰ ਮਰੀਜ਼ਾਂ ਤੱਕ ਪਹੁੰਚੇ।”

ਜ਼ਿਕਰਯੋਗ ਹੈ ਕਿ 108 ਐਂਬੂਲੈਂਸ ਸੇਵਾ ਜੋ ਪੰਜਾਬ ਦਾ ਸਭ ਤੋਂ ਭਰੋਸੇਮੰਦ ਐਮਰਜੈਂਸੀ ਰਿਸਪਾਂਸ ਨੈੱਟਵਰਕ ਹੈ, 2011 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 30 ਲੱਖ ਤੋਂ ਵੱਧ ਨਾਗਰਿਕਾਂ ਨੂੰ ਸੇਵਾਵਾਂ ਦੇ ਚੁੱਕੀ ਹੈ ਅਤੇ ਹਾਦਸਿਆਂ, ਦਿਲ ਦੀਆਂ ਬਿਮਾਰੀਆਂ ਸਬੰਧੀ ਐਮਰਜੈਂਸੀਆਂ, ਮਾਵਾਂ ਦੀਆਂ ਸਿਹਤ ਸਮੱਸਿਆਵਾਂ ਅਤੇ ਹਾਦਸਿਆਂ ਦੌਰਾਨ ਗੰਭੀਰ ਦੇਖਭਾਲ ਪ੍ਰਦਾਨ ਕਰਦੀ ਹੈ। ਡਾ. ਬਲਬੀਰ ਸਿੰਘ ਨੇ ਕਿਹਾ, “108 ਸੇਵਾ ਸਾਡੀ ਐਮਰਜੈਂਸੀ ਸਿਹਤ ਸੰਭਾਲ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੈ। ਇਨ੍ਹਾਂ ਨਵੀਆਂ ਐਂਬੂਲੈਂਸਾਂ ਨਾਲ, ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਲੋੜਵੰਦ ਤੱਕ ਸੇਵਾਵਾਂ ਪਹੁੰਚਾਈਆਂ ਜਾਣ।”
ਸਿਹਤ ਮੰਤਰੀ ਨੇ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਪਹਿਲੇ ਘੰਟੇ ਨੂੰ ‘ਗੋਲਡਨ ਆਵਰ’ ਮੰਨਿਆ ਜਾਂਦਾ ਹੈ, ਜਿੱਥੇ ਸਮੇਂ ਸਿਰ ਡਾਕਟਰੀ ਸਹਾਇਤਾ ਜਾਨਾਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖੀਆ ਫੋਰਸ (ਐਸਐਸਐਫ) ਦੇ ਨਜਦੀਕੀ ਤਾਲਮੇਲ ਨਾਲ ਕੰਮ ਕਰਨ ਵਾਲੀਆਂ 108 ਐਂਬੂਲੈਂਸਾਂ ਨੇ ਮੌਕੇ ‘ਤੇ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਕੇ ਮੌਤਾਂ ਨੂੰ ਘਟਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਡਾ. ਬਲਬੀਰ ਸਿੰਘ ਨੇ ਪੈਰਾਮੈਡਿਕਸ, ਡਰਾਈਵਰਾਂ ਅਤੇ ਐਮਰਜੈਂਸੀ ਰਿਸਪਾਂਡਰਾਂ ਦੀਆਂ ਸਮਰਪਿਤ ਟੀਮਾਂ ਦੀ ਉਨ੍ਹਾਂ ਦੀ ਅਣਥੱਕ ਸੇਵਾ ਲਈ ਪ੍ਰਸ਼ੰਸਾ ਵੀ ਕੀਤੀ।
ਨਵੀਆਂ ਐਂਬੂਲੈਂਸਾਂ ਵੱਖ-ਵੱਖ ਜ਼ਿਲ੍ਹਿਆਂ ‘ਚ ਤਾਇਨਾਤ
ਦੱਸਣਯੋਗ ਹੈ ਕਿ ਜ਼ਮੀਨੀ ਪੱਧਰ ‘ਤੇ ਐਮਰਜੈਂਸੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਨਵੀਆਂ ਐਂਬੂਲੈਂਸਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੀਆਂ ਜਾਣਗੀਆਂ। ਇਨ੍ਹਾਂ ਜ਼ਿਲ੍ਹਿਆਂ ਵਿੱਚ ਬਰਨਾਲਾ (1), ਬਠਿੰਡਾ (1), ਫਰੀਦਕੋਟ (1), ਫਤਿਹਗੜ੍ਹ ਸਾਹਿਬ (3), ਫਾਜ਼ਿਲਕਾ (1), ਫਿਰੋਜ਼ਪੁਰ (1), ਗੁਰਦਾਸਪੁਰ (2), ਹੁਸ਼ਿਆਰਪੁਰ (1), ਜਲੰਧਰ (1), ਕਪੂਰਥਲਾ (2), ਲੁਧਿਆਣਾ (4), ਮਾਨਸਾ (2), ਮੋਗਾ (2), ਮੋਹਾਲੀ (2), ਮੁਕਤਸਰ ਸਾਹਿਬ (1), ਮਾਲੇਰਕੋਟਲਾ (2), ਐਸ.ਐਸ.ਐਸ. ਨਗਰ (2), ਪਠਾਨਕੋਟ (2), ਪਟਿਆਲਾ (11), ਰੂਪਨਗਰ (1), ਸੰਗਰੂਰ (2), ਤਰਨਤਾਰਨ (1) ਸ਼ਾਮਲ ਹਨ।
ਇਸ ਸਮਾਗਮ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਦੇ ਚੇਅਰਮੈਨ ਰਮਨ ਬਹਿਲ, ਪ੍ਰਮੁੱਖ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਕੁਮਾਰ ਰਾਹੁਲ, ਪੀਐਚਐਸਸੀ ਦੇ ਮੈਨੇਜਿੰਗ ਡਾਇਰੈਟਰ ਅਮਿਤ ਤਲਵਾੜ, ਸਿਹਤ ਸੇਵਾਵਾਂ ਪੰਜਾਬ ਦੀ ਡਾਇਰੈਕਟਰ ਡਾ. ਹਿਤਿੰਦਰ ਕੌਰ, ਪਰਿਵਾਰ ਭਲਾਈ ਪੰਜਾਬ ਦੀ ਡਾਇਰੈਕਟਰ ਡਾ. ਜਸਮਿੰਦਰ ਕੌਰ, ਸਟੇਟ ਇੰਸ਼ੋਰੈਂਸ ਪੰਜਾਬ ਦੀ ਡਾਇਰੈਕਟਰ ਡਾ. ਜਸਪ੍ਰੀਤ ਕੌਰ, ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ, ਪੀਐਚਐਸਸੀ ਪ੍ਰੋਕਿਊਰਮੈਂਟ ਦੇ ਡਾਇਰੈਕਟਰ ਡਾ. ਪਵਨਪ੍ਰੀਤ ਕੌਰ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਡਾਇਰੈਕਟਰ-ਕਮ-ਰਾਜ ਨੋਡਲ ਅਫਸਰ, ਮਿਸ਼ਨ ਤੰਦਰੁਸਤ ਪੰਜਾਬ ਡਾ. ਗੁਰਹਰਮਿੰਦਰ ਸਿੰਘ ਅਤੇ 108 ਐਂਬੂਲੈਂਸ ਸੇਵਾ ਦੇ ਪ੍ਰੋਜੈਕਟ ਹੈੱਡ ਮਨੀਸ਼ ਬੱਤਰਾ ਸ਼ਾਮਲ ਰਹੇ।