Punjabi News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ਦੀ ਐਸਬੀਆਈ ਸ਼ਾਖਾ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਤੋਂ ਬਾਅਦ ਫਰਾਰ ਹੋਏ ਦੋਸ਼ੀ ਅਮਿਤ ਢੀਂਗਰਾ ਨੂੰ ਆਖਰਕਾਰ ਮਥੁਰਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਅਮਿਤ ਢੀਂਗਰਾ ਦੀ ਪਤਨੀ ਰੁਪਿੰਦਰ ਕੌਰ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਜਿਸਦੀ ਜ਼ਮਾਨਤ ਪਟੀਸ਼ਨ ਬੁੱਧਵਾਰ ਨੂੰ ਸਥਾਨਕ ਅਦਾਲਤ ਨੇ ਰੱਦ ਕਰ ਦਿੱਤੀ ਹੈ।
ਦੱਸ ਦਈਏ ਕਿ ਬੈਂਕ ਕਲਰਕ ਅਮਿਤ ਢੀਂਗਰਾ ਸਾਦਿਕ ਦੀ ਐਸਬੀਆਈ ਸ਼ਾਖਾ ਵਿੱਚ ਲੋਕਾਂ ਦੇ ਖਾਤਿਆਂ, ਐਫਡੀ, ਲਾਕਰ, ਮਿਊਚੁਅਲ ਫੰਡ, ਬੀਮਾ ਆਦਿ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਬੈਂਕ ਅਧਿਕਾਰੀਆਂ ਨੂੰ ਇਸ ਬਾਰੇ 21 ਜੁਲਾਈ ਨੂੰ ਪਤਾ ਲੱਗਾ, ਜਦੋਂ ਕੁਝ ਗਾਹਕਾਂ ਨੇ ਉਨ੍ਹਾਂ ਨੂੰ ਆਪਣੇ ਖਾਤਿਆਂ ਵਿੱਚ ਬੇਨਿਯਮੀਆਂ ਬਾਰੇ ਸ਼ਿਕਾਇਤ ਕੀਤੀ। ਪਰ ਉਦੋਂ ਤੱਕ ਦੋਸ਼ੀ ਅਮਿਤ ਢੀਂਗਰਾ ਇੱਥੋਂ ਫਰਾਰ ਹੋ ਗਿਆ ਸੀ।
ਕਾਬਿਲੇਗੌਰ ਹੈ ਕਿ ਫਰੀਦਕੋਟ ਦੇ ਕਸਬਾ ਸਾਦਿਕ ਦੀ ਐਸਬੀਆਈ ਦੀ ਬੈਂਕ ਬ੍ਰਾਂਚ ਦੇ ਕੈਸ਼ੀਅਰ ਅਮਿਤ ਢੀਂਗੜਾ ਵੱਲੋਂ ਲੋਕਾਂ ਦੇ ਖਾਤਿਆਂ ਨਾਲ ਛੇੜਛਾੜ ਕਰ ਕਰੋੜਾਂ ਰੁਪਏ ਦੀ ਹੇਰਾਫੇਰੀ ਕੀਤੇ ਜਾਣ ਦੇ ਇਲਜ਼ਾਮ ਹੇਠ ਲਗਾਤਾਰ ਪੁਲਿਸ ਵੱਲੋਂ ਅਮਿਤ ਦੀ ਭਾਲ ਕੀਤੀ ਜਾ ਰਹੀ ਸੀ। ਉਸਦੀ ਪਤਨੀ ਨੂੰ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਈ ਸੀ। ਇਲਜ਼ਾਮ ਸੀ ਕਿ ਉਸਦੀ ਪਤਨੀ ਦੇ ਖਾਤੇ ’ਚ ਵੀ ਕਰੋੜਾਂ ਰੁਪਏ ਦੀ ਟ੍ਰਾਜੈਸ਼ਨ ਹੋਈ ਹੈ।