Amritsar Firing News: ਜੰਡਿਆਲਾ ਗੁਰੂ ਵਿਚ ਇਕ ਵਾਰ ਫਿਰ ਗੋਲੀਆਂ ਦੀ ਗੂੰਜ ਸੁਣਨ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ, ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਅੱਜ ਸਵੇਰੇ ਇੱਕ ਐਡਵੋਕੇਟ ਉੱਤੇ ਅੰਧਾਧੁੰਦ ਗੋਲੀਆਂ ਚਲਾਈਆਂ ਗਈਆਂ। ਪੀੜਤ ਦੀ ਪਹਿਚਾਨ ਲਖਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਆਪਣੇ ਘਰ ਤੋਂ ਅੰਮ੍ਰਿਤਸਰ ਕੋਰਟ ਵੱਲ ਜਾ ਰਿਹਾ ਸੀ।
ਰਸਤੇ ਵਿੱਚ ਤਿੰਨ ਅਣਜਾਣੇ ਹਮਲਾਵਰਾਂ ਨੇ ਉਸ ਉੱਤੇ ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਲਖਵਿੰਦਰ ਸਿੰਘ ਇਸ ਹਮਲੇ ਵਿੱਚ ਬਚ ਗਿਆ, ਪਰ ਘਟਨਾ ਕਾਰਨ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਹਮਲੇ ਦੇ ਕਾਰਨ ਬਾਰੇ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਹੋ ਸਕੀ। ਨਾਂ ਤਾਂ ਇਹ ਸਾਫ ਹੋਇਆ ਹੈ ਕਿ ਇਹ ਕਿਸੇ ਪੁਰਾਣੀ ਰੰਜਿਸ਼ ਦਾ ਨਤੀਜਾ ਸੀ ਜਾਂ ਫਿਰ ਫਰੌਤੀ ਲਈ ਕੀਤੀ ਗਈ ਸਾਜਿਸ਼।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਜੰਡਿਆਲਾ, ਰਵਿੰਦਰ ਸਿੰਘ ਨੇ ਕਿਹਾ ਕਿ ਜਲਦੀ ਹੀ ਹਮਲਾਵਰਾਂ ਨੂੰ ਟਰੇਸ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਐਡਵੋਕੇਟ ਲਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਜਾ ਰਹੀ ਹੈ।
ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ।
ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਜੰਡਿਆਲਾ ਅਤੇ ਆਸਪਾਸ ‘ਚ ਵਧ ਰਹੀ ਗੈਰਕਾਨੂੰਨੀ ਗਤੀਵਿਧੀਆਂ ਤੇ ਲਗਾਮ ਲਾਈ ਜਾਵੇ ਅਤੇ ਵਕੀਲਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ।