Faridkot News: ਹਰੇ ਰੰਗ ਦਾ ਗੁਬਾਰਾ ਲਗਭਗ ਡੇਢ ਫੁੱਟ ਲੰਬਾ ਸੀ ਜਿਸ ਨੂੰ ਗੈਸ ਨਾਲ ਭਰਿਆ ਹੋਇਆ ਸੀ, ਜੋ ਸਰਹੱਦ ਪਾਰੋਂ ਉੱਡ ਕੇ ਉਸਦੇ ਖੇਤਾਂ ਵਿੱਚ ਆ ਡਿੱਗਿਆ।
Pakistani Balloon in Fields: ਫਰੀਦਕੋਟ ਵਿੱਚ ਇੱਕ ਕਿਸਾਨ ਦੇ ਖੇਤਾਂ ‘ਚ ਪਾਕਿਸਤਾਨ ਲਿਖਿਆ ਇੱਕ ਗੁਬਾਰਾ ਮਿਲਿਆ। ਹਰੇ ਰੰਗ ਦਾ ਗੁਬਾਰਾ ਲਗਭਗ ਡੇਢ ਫੁੱਟ ਲੰਬਾ ਸੀ ਜਿਸ ਨੂੰ ਗੈਸ ਨਾਲ ਭਰਿਆ ਹੋਇਆ ਸੀ, ਜੋ ਸਰਹੱਦ ਪਾਰੋਂ ਉੱਡ ਕੇ ਉਸਦੇ ਖੇਤਾਂ ਵਿੱਚ ਆ ਡਿੱਗਿਆ। ਘਟਨਾ ਥਾਣਾ ਜੈਤੋ ਦੇ ਰਾਮੇਆਣਾ ਪਿੰਡ ਦੀ ਹੈ, ਜਿੱਥੇ ਰਣਜੀਤ ਸਿੰਘ ਦੇ ਖੇਤਾਂ ‘ਚ ਗੁਬਾਰਾ ਮਿਲਿਆ।
ਜਦੋਂ ਰਣਜੀਤ ਸਿੰਘ ਨੇ ਗੁਬਾਰੇ ਨੂੰ ਧਿਆਨ ਨਾਲ ਦੇਖਿਆ ਤਾਂ ਉਸਨੇ ਦੇਖਿਆ ਕਿ ਇਸ ‘ਤੇ ਪਾਕਿਸਤਾਨ ਲਿਖਿਆ ਹੋਇਆ, ਜਿਸ ਤੋਂ ਬਾਅਦ ਉਹ ਪਹਿਲਾਂ ਡਰ ਗਿਆ ਤੇ ਬਾਅਦ ਵਿੱਚ ਉਸਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਤੋਂ ਬਾਅਦ, ਥਾਣਾ ਜੈਤੋ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪਾਕਿਸਤਾਨ ਲਿਖਿਆ ਉਕਤ ਗੁਬਾਰਾ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ
ਇਸ ਸਬੰਧੀ ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਉਸਨੇ ਆਪਣੇ ਖੇਤਾਂ ਕੋਲ ਕੁਝ ਉੱਡਦਾ ਦੇਖਿਆ। ਜਦੋਂ ਉਸਨੇ ਧਿਆਨ ਨਾਲ ਦੇਖਿਆ ਤਾਂ ਉਸਨੂੰ ਪਤਾ ਲੱਗਾ ਕਿ ਇਹ ਇੱਕ ਗੁਬਾਰਾ ਸੀ, ਜੋ ਗੈਸ ਨਾਲ ਭਰਿਆ ਹੋਇਆ ਸੀ। ਗੈਸ ਖ਼ਤਮ ਹੋਣ ਤੋਂ ਬਾਅਦ ਇਹ ਡਿੱਗ ਗਿਆ। ਇਸ ਗੁਬਾਰੇ ‘ਤੇ ਪਾਕਿਸਤਾਨ ਲਿਖਿਆ ਹੋਇਆ ਸੀ ਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਨੇ ਇਸਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ।
ਇਸ ਸਬੰਧੀ ਐਸਪੀ ਹੈੱਡਕੁਆਰਟਰ ਮਨਵਿੰਦਰਬੀਰ ਸਿੰਘ ਨੇ ਦੱਸਿਆ ਕਿ ਕਿਸਾਨ ਰਣਜੀਤ ਸਿੰਘ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਗੁਬਾਰਾ ਜ਼ਬਤ ਕਰ ਲਿਆ ਹੈ ਅਤੇ ਥਾਣਾ ਜੈਤੋ ਵਿੱਚ ਡੀਡੀਆਰ ਦਰਜ ਕਰਵਾਈ ਹੈ। ਫਿਲਹਾਲ ਪੁਲਿਸ ਜਾਂਚ ਕਰੇਗੀ ਕਿ ਇਹ ਗੁਬਾਰਾ ਸਰਹੱਦ ਪਾਰ ਤੋਂ ਆਪਣੇ ਆਪ ਉੱਡਿਆ ਹੈ ਜਾਂ ਇਹ ਕਿਸੇ ਦੀ ਸ਼ਰਾਰਤ ਹੈ।