ਬਠਿੰਡਾ ਪੁਲਿਸ ਨੇ ਪਿੰਡ ਵਿਰਕ ਕਲਾਂ ਵਿੱਚ ਆਪਣੀ ਧੀ ਅਤੇ ਦੋਤੀ ਦਾ ਕਤਲ ਕਰਨ ਵਾਲੇ ਪਿਤਾ ਨੂੰ ਕੀਤਾ ਗ੍ਰਿਫਤਾਰ
ਬੀਤੇ ਕੱਲੵ ਸੋਮਵਾਰ ਸਵੇਰੇ ਬਠਿੰਡਾ ਦੇ ਪਿੰਡ ਵਿਰਕ ਕਲਾਂ ਵਿੱਚ ਇੱਕ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਆਪਣੀ ਧੀ ਅਤੇ ਡੇਢ ਸਾਲ ਦੀ ਦੋਤੀ ਦੇ ਸਿਰ ‘ਤੇ ਪੱਥਰ ਅਤੇ ਤੇਜ਼ਧਾਰ ਹਥਿਆਰ ਵਜੋਂ ਵਰਤੀ ਗਈ ਕਹੀ ਦੇ ਨਾਲ ਵਾਰ ਕਰਕੇ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ, ਪੁਲਿਸ ਨੇ ਘਟਨਾ ਦੇ 12 ਘੰਟਿਆਂ ਦੇ ਅੰਦਰ ਹੀ ਮੁੱਖ ਮੁਲਜ਼ਮ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਮੁਲਜ਼ਮ ਦਾ ਪੁੱਤਰ(ਮ੍ਰਿਤਕ ਲੜਕੀ ਦਾ ਭਰਾ) ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। DSP ਹਰਜੀਤ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 08 ਸਤੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਥਾਣਾ ਸਦਰ ਬਠਿੰਡਾ ਨੂੰ ਸੂਚਨਾ ਮਿਲੀ ਕਿ ਰਾਜਵੀਰ ਸਿੰਘ ਉਰਫ ਰਾਜਾ ਨੰਬਰਦਾਰ ਵਾਸੀ ਪਿੰਡ ਵਿਰਕ ਕਲਾਂ ਨੇ ਆਪਣੀ ਧੀ ਜਸਮਨਦੀਪ ਕੌਰ ਅਤੇ ਉਸਦੀ ਡੇਢ ਸਾਲ ਦੀ ਧੀ ਏਕਨੂਰ ਸ਼ਰਮਾ ‘ਤੇ ਪੱਥਰ ਨਾਲ ਹਮਲਾ ਕਰਕੇ ਜਸਮਨਦੀਪ ਕੌਰ ਦੀ ਹੱਤਿਆ ਕਰ ਦਿੱਤੀ ਹੈ ਅਤੇ ਏਕਨੂਰ ਸ਼ਰਮਾ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਹੈ।
ਇਸ ਦੌਰਾਨ ਮੁਲਜ਼ਮ ਪਿਤਾ ਦਾ ਪੁੱਤਰ ਵੀ ਉਸ ਨਾਲ ਮੌਜੂਦ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀ ਡੇਢ ਸਾਲ ਦੀ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਅਤੇ ਜਸਮਨਦੀਪ ਕੌਰ ਦੀ ਲਾਸ਼ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿੱਚ ਭੇਜ ਦਿੱਤੀ। ਮ੍ਰਿਤਕ ਬੱਚੀ ਦੇ ਸਹੁਰੇ ਉਦੈਭਾਨ ਸ਼ਰਮਾ ਵਾਸੀ ਪਿੰਡ ਵਿਰਕ ਕਲਾਂ ਦੇ ਬਿਆਨ ਦੇ ਆਧਾਰ ‘ਤੇ ਰਾਜਵੀਰ ਸਿੰਘ ਉਰਫ ਰਾਜਾ ਅਤੇ ਉਸਦੇ ਪੁੱਤਰ ਪਰਮਪਾਲ ਸਿੰਘ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ। SSP ਅਮਨੀਤ ਕੌਡਲ ਦੇ ਨਿਰਦੇਸ਼ਾਂ ਅਨੁਸਾਰ, ਜਗਦੀਸ਼ ਕੁਮਾਰ ਐਸਪੀ (ਐਚ), ਗੁਰਪ੍ਰੀਤ ਸਿੰਘ ਡੀਐਸਪੀ ਸਪੈਸ਼ਲ ਬਠਿੰਡਾ, ਹਰਜੀਤ ਸਿੰਘ ਮਾਨ ਡੀਐਸਪੀ (ਦਿਹਾਤੀ) ਬਠਿੰਡਾ ਦੀ ਅਗਵਾਈ ਹੇਠ, ਇੱਕ ਟੀਮ ਬਣਾਈ ਗਈ ਸੀ ਅਤੇ ਪੁਲਿਸ ਥਾਣਾ ਸਦਰ ਬਠਿੰਡਾ ਦੀ ਟੀਮ ਨੇ ਕਤਲ ਦੇ ਮੁੱਖ ਮੁਲਜ਼ਮ ਰਾਜਵੀਰ ਸਿੰਘ ਉਰਫ ਰਾਜਾ ਨੂੰ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ। ਕਤਲ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਚਾਕੂ ਵੀ ਬਰਾਮਦ ਕਰ ਲਿਆ ਗਿਆ ਹੈ। ਦੂਜੇ ਪਾਸੇ ਪਰਮਪਾਲ ਸਿੰਘ ਦੀ ਭਾਲ ਜਾਰੀ ਹੈ ਅਤੇ ਉਸਨੂੰ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਪੁੱਛਗਿੱਛ ਅਤੇ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਜਸਮੀਨਦੀਪ ਕੌਰ ਨੇ ਲਗਭਗ 05 ਸਾਲ ਪਹਿਲਾਂ ਆਪਣੇ ਘਰ ਦੇ ਨੇੜੇ ਰਹਿਣ ਵਾਲੇ ਰਵੀ ਸ਼ਰਮਾ ਉਰਫ ਰਾਮਨੰਦਨ ਸ਼ਰਮਾ ਨਾਮ ਦੇ ਲੜਕੇ ਨਾਲ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਵਾਇਆ ਸੀ। ਰਾਮਨੰਦਨ ਸ਼ਰਮਾ ਬ੍ਰਾਹਮਣ ਜਾਤੀ ਨਾਲ ਸਬੰਧਤ ਸੀ, ਜਿਸਦਾ ਮ੍ਰਿਤਕ ਲੜਕੀ ਦੇ ਪਰਿਵਾਰ ਨੇ ਸਖ਼ਤ ਵਿਰੋਧ ਕੀਤਾ ਸੀ। ਕੱਲ੍ਹ, ਘਟਨਾ ਵਾਲੇ ਦਿਨ, ਮ੍ਰਿਤਕ ਲੜਕੀ ਜਸਮਨਦੀਪ ਕੌਰ ਆਪਣੀ ਧੀ ਏਕਮ ਨੂਰ ਸ਼ਰਮਾ ਨਾਲ ਪਿੰਡ ਵਿਰਕ ਕਲਾਂ ਦੇ ਬੱਸ ਅੱਡੇ ‘ਤੇ ਖੜ੍ਹੀ ਸੀ, ਜਦੋਂ ਸਥਾਨਕ ਰਾਜਵੀਰ ਸਿੰਘ ਉਰਫ ਰਾਜਾ ਅਤੇ ਪਰਮਪਾਲ ਸਿੰਘ ਨੇ ਉਸਦੀ ਧੀ ਜਸਮਨਦੀਪ ਕੌਰ ‘ਤੇ ਕਹੀ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਜਸਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੀ ਧੀ ਏਕਮ ਨੂਰ ਸ਼ਰਮਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੌਰਾਨ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਉਪਰੋਕਤ ਮੁਲਜ਼ਮਾੰ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ, ਜਿਸ ਕਾਰਨ ਮਾਮਲੇ ਵਿੱਚ ਮਹੱਤਵਪੂਰਨ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਦਾ ਕਹਿਣਾ ਹੈ ਕਿ ਲੜਕੀ ਨੇ ਉਸੇ ਪਿੰਡ ਦੇ ਰਹਿਣ ਵਾਲੇ ਇੱਕ ਮੁੰਡੇ ਨਾਲ ਵਿਆਹ ਕੀਤਾ ਸੀ, ਜਿਸ ਕਾਰਨ ਪਿੰਡ ਦੇ ਲੋਕ ਰਾਜਾ ਨੰਬਰਦਾਰ ਨੂੰ ਤਾਅਨੇ ਮਾਰਦੇ ਸਨ। ਲੜਕੀ ਦਾ ਪਿਤਾ ਜੱਟ ਸਿੱਖ ਪਰਿਵਾਰ ਨਾਲ ਸਬੰਧਤ ਸੀ ਅਤੇ ਲੜਕਾ ਪੰਡਿਤ ਭਾਈਚਾਰੇ ਨਾਲ ਸਬੰਧਤ ਸੀ। ਇਨ੍ਹਾਂ ਤਾਅਨਿਆਂ ਕਾਰਨ ਉਸਦੀ ਲੜਕੀ ਅਤੇ ਉਸਦੇ ਪਰਿਵਾਰ ਨਾਲ ਰੰਜਿਸ਼ ਸੀ। ਇਸ ਰੰਜਿਸ਼ ਕਾਰਨ ਦੋਵੇਂ ਪਰਿਵਾਰ ਆਹਮੋ-ਸਾਹਮਣੇ ਨਹੀਂ ਆਏ, ਪਰ ਪਿਛਲੇ ਸੋਮਵਾਰ ਅਚਾਨਕ ਪਿਤਾ-ਪੁੱਤਰ ਅਤੇ ਧੀ-ਦੋਤੀ ਆਹਮੋ-ਸਾਹਮਣੇ ਹੋ ਗਏ ਅਤੇ ਗੁੱਸੇ ਵਿੱਚ ਆਏ ਪਿਤਾ ਨੇ ਮੌਕੇ ‘ਤੇ ਹੀ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਦੋਵਾਂ ਨੂੰ ਮਾਰ ਦਿੱਤਾ।