Ludhiana News: ਪੰਜਾਬ ਵਿੱਚ 19 ਜੂਨ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ,ਜਿਸ ਨੂੰ ਲੈਕੇ ਸਿਆਸਤ ਭਖੀ ਪਈ ਹੈ, ਹਰੇਕ ਪਾਰਟੀ ਆਪਣੇ ਆਪ ਨੂੰ ਸਾਬਤ ਕਰਨ ਵਿੱਚ ਲੱਗੀ ਹੋਈ ਹੈ। ਮੈਦਾਨ ਵਿੱਚ ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਪ੍ਰਚਾਰ ਕਰਨ ਵਿੱਚ ਪੂਰਾ ਜ਼ੋਰ ਲਾਇਆ ਹੋਇਆ ਹੈ। ਸਾਰੀਆਂ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਿੱਚ ਲੱਗੀ ਹੋਈ ਹੈ। ਉੱਥੇ ਹੀ ਅੱਜ ਦਿੱਲੀ ਸਰਕਾਰ ਵਿੱਚ ਮੰਤਰੀ ਮਨਜਿੰਦਰ ਸਿੰਘ ਸਿਰਸਾ ਲੁਧਿਆਣਾ ਪਹੁੰਚੇ ਅਤੇ ਉਨ੍ਹਾਂ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਿੱਲੀ ਦੇ ਭਗੌੜੇ ਇੱਥੇ ਪੰਜਾਬ ਨੂੰ ਦੋਵੇਂ ਹੱਥਾਂ ਨਾਲ ਲੁੱਟਣ ਲਈ ਆਏ ਹਨ। ਜਿਸ ਤਰ੍ਹਾਂ ਇਨ੍ਹਾਂ ਲੋਕਾਂ ਨੇ ਦਿੱਲੀ ਵਿੱਚ ਲੋਕਾਂ ਨੂੰ ਲੁੱਟਿਆ ਹੈ, ਉਸੇ ਤਰ੍ਹਾਂ ਇਹ ਪੰਜਾਬ ਨੂੰ ਲੁੱਟਣ ਲਈ ਆਏ ਹਨ। ਜਿਸ ਤਰ੍ਹਾਂ ਇਨ੍ਹਾਂ ਨੇ ਸ਼ਰਾਬ ਨੀਤੀ ਬਣਾ ਕੇ ਦਿੱਲੀ ਨੂੰ ਲੁੱਟਿਆ, ਉਹੀ ਨੀਤੀ ਪੰਜਾਬ ਵਿੱਚ ਵੀ ਬਣਾਈ ਗਈ ਹੈ। ਜਦੋਂ ਉਹ ਫੜੇ ਗਏ ਤਾਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੇ ਖੁਦ ਉਹੀ ਸ਼ਰਾਬ ਨੀਤੀ ਰੱਦ ਕਰ ਦਿੱਤੀ। ਉਹ ਹੀ ਪਾਲਿਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਜ਼ਬਰਦਸਤੀ ਲਾਗੂ ਕਰਵਾਈ।
ਸਿਰਸਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸੱਤਾ ਦਾ ਆਨੰਦ ਲੈਣ ਲਈ ਪੰਜਾਬ ਵਿੱਚ ਆ ਗਏ ਹਨ। ਪੰਜਾਬ ਦੀਆਂ ਗੱਡੀਆਂ ਅਤੇ ਹੈਲੀਕਾਪਟਰਾਂ ਦੀ ਵੀ ਖੁੱਲ੍ਹ ਕੇ ਵਰਤੋਂ ਹੋ ਰਹੀ ਹੈ। ਜਿਸ ਦਿਨ ਇਸ ਨੇਤਾ ਨੇ ਦਿੱਲੀ ਗੁਆ ਦਿੱਤੀ, ਉਸ ਦਿਨ ਤੋਂ ਹੀ ਉਸ ਨੇ ਪੰਜਾਬ ਵਿੱਚ ਡੇਰਾ ਲਗਾ ਲਿਆ ਹੈ। ਪਹਿਲਾਂ ਕੇਜਰੀਵਾਲ ਦਿੱਲੀ ਤੋਂ ਪੰਜਾਬ ਸਰਕਾਰ ਚਲਾਉਂਦੇ ਸਨ ਪਰ ਹੁਣ ਉਨ੍ਹਾਂ ਦੇ ਪੀਏ, ਸੈਕਟਰੀ ਅਤੇ ਡਰਾਈਵਰ ਵੀ ਪੰਜਾਬ ਤੋਂ ਤਨਖਾਹ ਲੈ ਰਹੇ ਹਨ। ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਵਿੱਚ ਕੰਮ ਕਰਨ ਵਾਲੇ ਪੰਜਾਬੀ ਨੌਜਵਾਨਾਂ ਦੀ ਬਜਾਏ ਯੂਪੀ ਜਾਂ ਹੋਰ ਰਾਜਾਂ ਦੇ ਲੋਕਾਂ ਨੂੰ ਭਰਤੀ ਕੀਤਾ ਹੈ। ਅੱਜ ‘ਆਪ’ ਸਰਕਾਰ ਨੇ ਗੈਰ-ਪੰਜਾਬੀ ਲੋਕਾਂ ਨੂੰ ਮੌਕਾ ਦਿੱਤਾ ਹੈ। ਇਹ ਸਾਰੇ ਸੂਬੇ ਦੇ ਲੋਕਾਂ ਦੇ ਅਧਿਕਾਰੀ ਹਨ, ਉਹ ਆਪਣੇ ਸੂਬੇ ਵਿੱਚ ਜਾ ਕੇ ਕੰਮ ਕਰਨ।
ਜ਼ਿਕਰ ਕਰ ਦਈਏ ਕਿ 19 ਜੂਨ ਨੂੰ ਲੁਧਿਆਣਾ ਪੱਛਮੀ ਵਿੱਚ ਜ਼ਿਮਨੀ ਚੋਣਾਂ ਹੋਣੀਆਂ ਹਨ, ਜਿਸ ਲਈ ਸਾਰੀਆਂ ਪਾਰਟੀ ਚੋਣ ਪ੍ਰਚਾਰ ਵਿੱਚ ਲੱਗੀਆਂ ਹੋਈਆਂ ਹਨ। ਇਸ ਤਹਿਤ ਹੀ ਅੱਜ ਮਨਜਿੰਦਰ ਸਿੰਘ ਸਿਰਸਾ ਵੀ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਲੁਧਿਆਣਾ ਪਹੁੰਚੇ।