Chandigarh News: ਅਮਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਵਾਰ-ਵਾਰ ਘਰੋਂ ਗਾਇਬ ਹੋਣ ਕਾਰਨ ਉਸ ਨੇ ਬਾਂਹ ‘ਤੇ ਆਪਣੇ ਮੋਬਾਈਲ ਨੰਬਰ ਦਾ ਟੈਟੂ ਬਣਵਾਇਆ।
Report By: ਅਨੂਜਾ ਸ਼ਰਮਾ ਦੀ ਖਾਸ ਰਿਪੋਰਟ
Missing Child News: ਮੰਗਲਵਾਰ 04 ਫਰਵਰੀ ਨੂੰ ਸਵੇਰੇ ਚੰਡੀਗੜ੍ਹ ਰੇਲਵੇ ਲਾਈਟ ਪੁਆਇੰਟ ‘ਤੇ ਇੱਕ 12 ਸਾਲਾਂ ਬੱਚਾ ਘੁੰਮਦਾ ਮਿਲਿਆ, ਜੋ ਸੜਕ ਕਿਨਾਰੇ ਖੜ੍ਹਾ ਉੱਚੀ-ਉੱਚੀ ਰੋ ਰਿਹਾ ਸੀ। ਉੱਥੋਂ ਲੰਘ ਰਹੇ ਆਟੋ ਚਾਲਕ ਅਜੈ ਕੁਮਾਰ ਨੇ ਜਦੋਂ ਉਸ ਦਾ ਨਾਂ ਅਤੇ ਪਤਾ ਪੁੱਛਿਆ ਤਾਂ ਉਹ ਕੋਈ ਜਵਾਬ ਨਹੀਂ ਦੇ ਸਕਿਆ। ਬੱਚੇ ਦੀ ਹਾਲਤ ਦੇਖ ਕੇ ਅਜੈ ਉਸ ਨੂੰ ਪੁਲਿਸ ਕੋਲ ਲੈ ਕੇ ਜਾਣ ਲੱਗਿਆ ਤਾਂ ਰਸਤੇ ਵਿੱਚ ਉਸ ਨੇ ਡਡਵਾ ਪੁਲਿਸ ਚੌਕੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਸਾਰੀ ਜਾਣਕਾਰੀ ਦਿੱਤੀ। ਜਿਸ ਮਗਰੋਂ ਚੌਂਕੀ ਇੰਚਾਰਜ ਸਬ-ਇੰਸਪੈਕਟਰ ਸੁਦੇਸ਼ ਕੁਮਾਰ ਨੂੰ ਸੂਚਿਤ ਕੀਤਾ ਗਿਆ।
ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਬੱਚਾ ਕੁੰਭੜਾ ਦੇ ਰਹਿਣ ਵਾਲੇ ਅਮਰ ਦਾ ਲੜਕਾ ਹੈ, ਜੋ ਮਾਨਸਿਕ ਤੌਰ ‘ਤੇ ਕਮਜ਼ੋਰ ਹੈ ਤੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਲਾਪਤਾ ਹੋ ਗਿਆ। ਅਮਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਵਾਰ-ਵਾਰ ਘਰੋਂ ਗਾਇਬ ਹੋਣ ਕਾਰਨ ਉਸ ਨੇ ਬਾਂਹ ‘ਤੇ ਆਪਣੇ ਮੋਬਾਈਲ ਨੰਬਰ ਦਾ ਟੈਟੂ ਬਣਵਾਇਆ। ਇਸ ਵਾਰ ਵੀ ਉਹ ਕਈ ਦਿਨਾਂ ਤੋਂ ਲਾਪਤਾ ਸੀ ਅਤੇ ਉਸ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਫੇਜ਼-8 ਥਾਣੇ ‘ਚ 8 ਨਵੰਬਰ ਨੂੰ ਦਰਜ ਕਰਵਾਈ ਗਈ ਸੀ। ਪਹਿਲਾਂ ਉਹ 10 ਦਿਨਾਂ ਬਾਅਦ ਯਮੁਨਾਨਗਰ ਤੋਂ ਮਿਲਿਆ ਸੀ।

ਬੱਚੇ ਦੀ ਮਾਂ ਉਮਾ ਨੇ ਦੱਸਿਆ ਕਿ ਉਸ ਦਾ ਲੜਕਾ ਮਾਨਸਿਕ ਰੋਗ ਤੋਂ ਪੀੜਤ ਹੈ, ਜਿਸ ਕਾਰਨ ਉਹ ਵਾਰ-ਵਾਰ ਘਰੋਂ ਨਿਕਲ ਜਾਂਦਾ ਹੈ। ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਉਹ ਉਸ ਨੂੰ ਅਜਿਹੇ ਸਕੂਲ ਨਹੀਂ ਭੇਜ ਸਕਦੇ ਜਿੱਥੇ ਉਸ ਦੀ ਪੜ੍ਹਾਈ ਦੇ ਨਾਲ-ਨਾਲ ਇਲਾਜ ਵੀ ਜਾਰੀ ਰਹਿ ਸਕੇ। ਉਮਾ ਅਤੇ ਅਮਰ ਚਾਹੁੰਦੇ ਹਨ ਕਿ ਉਨ੍ਹਾਂ ਦਾ ਪੁੱਤਰ ਪੜ੍ਹੇ ਅਤੇ ਇਲਾਜ ਵੀ ਕਰਵਾਏ ਪਰ ਆਰਥਿਕ ਤੰਗੀ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।
ਜਦੋਂ ਡੇਲੀ ਪੋਸਟ ਟੀਮ ਨੇ ਬੱਚੇ ਆਲੋਕ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ, “ਮੈਂ ਆਪਣੇ ਪਿੰਡ ਜਾਣਾ ਚਾਹੁੰਦਾ ਹਾਂ, ਪਰ ਮੈਨੂੰ ਨਹੀਂ ਪਤਾ ਕਿ ਮੇਰਾ ਪਿੰਡ ਕਿੱਥੇ ਹੈ। ਮੈਂ ਪੜ੍ਹ ਕੇ ਇੱਕ ਚੰਗਾ ਡਾਕਟਰ ਬਣਨਾ ਚਾਹੁੰਦਾ ਹਾਂ।”
ਪਰਿਵਾਰ ਦੀ ਇਹ ਹਾਲਤ ਸਮਾਜ ਅਤੇ ਪ੍ਰਸ਼ਾਸਨ ਲਈ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ ਕਿ ਮਾਨਸਿਕ ਤੌਰ ‘ਤੇ ਕਮਜ਼ੋਰ ਬੱਚਿਆਂ ਲਈ ਸਿੱਖਿਆ ਅਤੇ ਇਲਾਜ ਦੀਆਂ ਬਿਹਤਰ ਸਹੂਲਤਾਂ ਕਦੋਂ ਤੱਕ ਸਿਰਫ਼ ਅਮੀਰਾਂ ਤੱਕ ਹੀ ਸੀਮਤ ਰਹਿਣਗੀਆਂ?