Ludhiana By-Poll: ਲੁਧਿਆਣਾ ਦੇ ਹਲਕਾ ਪੱਛਮੀ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅੱਜ ਆਪਣਾ ਨੋਮੀਨੇਸ਼ਨ ਦਾਖ਼ਲ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜਿੱਤ ਦਾ ਦਾਅਵਾ ਪੇਸ਼ ਕੀਤਾ।
ਸੰਮਤਪ੍ਰੀਤ ਸਿੰਘ ਦੀ ਰਿਪੋਰਟ
Bharat Bhushan Ashu Files Nomination: ਲੁਧਿਆਣਾ ਦੇ ਹਲਕਾ ਪੱਛਮੀ ਉਪ ਚੋਣ ਲਈ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅੱਜ ਆਪਣਾ ਨੋਮੀਨੇਸ਼ਨ ਦਾਖ਼ਲ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ ਸਮੁੱਚੀ ਲੀਡਰਸ਼ਿਪ ਵੀ ਨਜ਼ਰ ਆਈ।
ਦੱਸ ਦਦੀਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਣਾ ਗੁਰਜੀਤ, ਸਿਮਰਜੀਤ ਸਿੰਘ ਬੈਂਸ, ਵਿਜੇ ਇੰਦਰ ਸਿੰਘਲਾ ਸਮੇਤ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਆਪਣੇ ਉਮੀਦਵਾਰ ਦਾ ਸਮਰਥਨ ਕਰਨ ਉਨ੍ਹਾਂ ਦੇ ਨਾਲ ਪਹੁੰਚੀ।
ਨੋਮੀਨੇਸ਼ਨ ਪੱਤਰ ਦਾਖ਼ਲ ਕਰਨ ਤੋਂ ਬਾਅਦ ਸਮੁੱਚੀ ਟੀਮ ‘ਚ ਜੋਸ਼ ਨਜ਼ਰ ਆਇਆ। ਉਹਨਾਂ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਿੱਤ ਦਾ ਦਾਅਵਾ ਪੇਸ਼ ਕੀਤਾ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਭਾਰਤ ਭੂਸ਼ਨ ਆਸ਼ੂ ਦਾ ਨਾਮ ਜਦਗੀ ਪੱਤਰ ਦਾਖਲ ਕਰਵਾਉਣ ਲਈ ਪਹੁੰਚੇ ਹਾਂ ਤੇ ਭਾਰਤ ਭੂਸ਼ਨ ਆਸ਼ੂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਨਗੇ।
ਇਸ ਤੋਂ ਇਲਾਵਾ ਉਨ੍ਹਾਂ ਸੂਬਾ ਸਰਕਾਰ ‘ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਸੂਬੇ ਵਿੱਚ ਸਰਕਾਰ ਨੇ ਕੋਈ ਵੀ ਕੰਮ ਨਹੀਂ ਕੀਤਾ ਅਤੇ ਉਹ ਤਿੰਨ ਸਾਲ ਦੇ ਕਾਰਜਕਾਲ ਦਾ ਵੇਰਵਾ ਲੋਕਾਂ ਤੱਕ ਦੱਸ ਰਹੇ ਹਨ। ਐਮਪੀ ਚੰਨੀ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਨੇ ਕੰਮ ਕੀਤੇ ਨੇ ਉਨ੍ਹਾਂ ਕੰਮਾਂ ਦੇ ਆਧਾਰ ‘ਤੇ ਲੋਕਾਂ ਕੋਲੋਂ ਵੋਟ ਮੰਗੀ ਜਾਵੇਗੀ।
ਦਿੱਲੀ ਦੇ ਇਸ਼ਾਰਿਆਂ ‘ਤੇ ਚਲਦੀ ਸੂਬਾ ਸਰਕਾਰ- ਵੜਿੰਗ
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸ ਇੱਕਜੁਟਤਾ ਦੇ ਨਾਲ ਇਸ ਸੀਟ ‘ਤੇ ਜਿੱਤ ਹਾਸਿਲ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਨ ਆਸ਼ੂ ਦੇ ਹੱਕ ਵਿੱਚ ਸਾਰੀ ਲੀਡਰਸ਼ਿਪ ਪਹੁੰਚੀ ਹੈ। ਵੜਿੰਗ ਨੇ ਕਿਹਾ ਕਿ ਆਉਣ ਵਾਲੇ ਨਤੀਜਿਆਂ ਵਿੱਚ ਕਾਂਗਰਸ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਭੂਸ਼ਨ ਸਾਡੇ ਜਰਨੈਲ ਹਨ। ਇਹੀ ਨਹੀਂ ਉਨ੍ਹਾਂ ਸੂਬੇ ਦੀ ਸਰਕਾਰ ‘ਤੇ ਵੀ ਜੰਮ ਕੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਦਿੱਲੀ ਦੇ ਇਸ਼ਾਰਿਆਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੰਮ ਕਰ ਰਹੇ ਹਨ।

ਇਸ ਦੇ ਨਾਲ ਹੀ ਭਾਰਤ ਭੂਸ਼ਨ ਦੇ ਨਾਲ ਪਹੁੰਚੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਉਹ ਭਾਰਤ ਭੂਸ਼ਨ ਆਸ਼ੂ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ,ਸਾਰੀਆਂ ਨਰਾਜ਼ਗੀਆਂ ਨੂੰ ਦਰਕਿਨਾਰ ਕਰਕੇ ਇੱਕਜੁੱਟਤਾ ਦੇ ਨਾਲ ਇਸ ਸੀਟ ‘ਤੇ ਲੜਾਈ ਲੜੀ ਜਾਵੇਗੀ। ਬੈਂਸ ਨੇ ਕਿਹਾ ਕਿ ਪਰਿਵਾਰ ਵਿੱਚ ਕੁਝ ਝਗੜੇ ਹੋ ਜਾਂਦੇ ਹਨ ਜੋ ਹੱਲ ਵੀ ਹੋ ਜਾਂਦੇ ਹਨ, ਹੁਣ ਅਸੀਂ ਸਾਰੇ ਇਕੱਠੇ ਹਾਂ।
ਨਾਲ ਹੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਉਨ੍ਹਾਂ ਦੇ ਨਾਲ ਹੈ। ਪ੍ਰਧਾਨ ਸਾਹਿਬ ਦੇ ਨਾਲ ਮਿਲ ਕੇ ਉਹ ਆਪਣੀ ਚੋਣ ਨੂੰ ਨੇਪਰੇ ਚਾੜ੍ਹਣਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਕਿਸੇ ਨਾਲ ਵੀ ਆਪਣਾ ਮੁਕਾਬਲਾ ਨਹੀਂ ਸਮਝਦੇ।