Toll free Punjab: ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਟੋਲ ਪਲਾਜ਼ਾ ‘ਤੇ ਪੰਜਾਬੀ ਨੌਜਵਾਨਾਂ ਨੂੰ 28 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਬਜਾਏ ਕਥਿਤ ਤੌਰ ‘ਤੇ ਗੈਰ ਪੰਜਾਬੀਆਂ ਨੂੰ 14 -14 ਹਜ਼ਾਰ ਰੁਪਏ ‘ਤੇ ਭਰਤੀ ਕਰਕੇ 12-12 ਘੰਟੇ ਡਿਊਟੀ ਕਰਵਾਈ ਜਾ ਰਹੀ ਹੈ।
Ghulal Toll Plaza in Samrala: ਅੱਜ ਸਮਰਾਲਾ ਦਾ ਘੁਲਾਲ ਟੋਲ ਪਲਾਜ਼ਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਫਰੀ ਕਰ ਦਿੱਤਾ। ਪੰਜਾਬ ਦੀ ਧਰਤੀ ‘ਤੇ ਬਣੇ ਟੋਲ ਪਲਾਜਾ ‘ਤੇ ਪੰਜਾਬੀਆਂ ਦੀ ਬਜਾਏ ਗੈਰ ਪੰਜਾਬੀ ਮੁਲਾਜ਼ਮ ਭਰਤੀ ਕੀਤੇ ਜਾ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੂੰ ਵੀ ਘੱਟ ਤਨਖਾਹਾਂ ਦੇ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਇਸੇ ਲਈ ਜਥੇਬੰਦੀ ਨੇ ਪੰਜਾਬੀਆਂ ਦੀ ਭਰਤੀ ਕਰਾਉਣ ਲਈ ਅੱਜ ਸਵੇਰੇ ਧਰਨਾ ਦੇ ਕੇ ਲੁਧਿਆਣਾ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਤੋਂ ਲੰਘਣ ਵਾਲੇ ਵਾਹਨਾਂ ਨੂੰ ਟੋਲ ਤੋਂ ਫਰੀ ਜਾਣ ਦਿੱਤਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਕਾਦੀਆਂ ਨੇ ਦੱਸਿਆ ਕਿ ਪੰਜਾਬ ਦੀ ਧਰਤੀ ‘ਤੇ ਬਣੇ ਟੋਲ ਪਲਾਜ਼ੇ ‘ਤੇ ਗੈਰ ਪੰਜਾਬੀਆਂ ਨੂੰ ਘੱਟ ਤਨਖਾਹਾਂ ‘ਤੇ ਮੁਲਾਜ਼ਮ ਰੱਖੇ ਜਾ ਰਹੇ ਹਨ ਜਦੋਂਕਿ ਪੰਜਾਬ ਦੇ ਨੌਜਵਾਨਾਂ ਨੂੰ ਇਹ ਕੰਪਨੀਆਂ ਨੌਕਰੀਆਂ ਤੋਂ ਵਾਂਝੇ ਰੱਖ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਟੋਲ ਪਲਾਜ਼ਾ ‘ਤੇ ਪੰਜਾਬੀ ਨੌਜਵਾਨਾਂ ਨੂੰ 28 ਹਜ਼ਾਰ ਰੁਪਏ ਮਹੀਨਾ ਤਨਖਾਹ ਦੇਣ ਦੀ ਬਜਾਏ ਕਥਿਤ ਤੌਰ ‘ਤੇ ਗੈਰ ਪੰਜਾਬੀਆਂ ਨੂੰ 14 -14 ਹਜ਼ਾਰ ਰੁਪਏ ‘ਤੇ ਭਰਤੀ ਕਰਕੇ 12-12 ਘੰਟੇ ਡਿਊਟੀ ਕਰਵਾਈ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਇਸ ਟੋਲ ਪਲਾਜ਼ੇ ‘ਤੇ ਬਾਹਰਲੇ ਸੂਬਿਆਂ ਦੇ ਗੈਰ-ਪੰਜਾਬੀ ਨੌਜਵਾਨਾਂ ਦੀ ਥਾਂ ਪੰਜਾਬੀ ਨੌਜਵਾਨਾਂ ਨੂੰ ਭਰਤੀ ਕਰਨ ਦੀ ਮੰਗ ਪੂਰੀ ਨਹੀਂ ਹੁੰਦੀ ਉਦੋਂ ਤੱਕ ਜਥੇਬੰਦੀ ਇਸ ਟੋਲ ਪਲਾਜ਼ੇ ਨੂੰ ਬੰਦ ਰੱਖੇਗੀ ਅਤੇ ਕਿਸੇ ਵੀ ਵਾਹਨ ਤੋਂ ਟੋਲ ਨਹੀਂ ਵਸੂਲ ਹੋਵੇਗਾ।
ਉਧਰ ਟੋਲ ਪਲਾਜ਼ਾ ਦੇ ਮੈਨੇਜਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਹੀ ਟੋਲ ਪਲਾਜ਼ਾ ‘ਤੇ 28 ਕਰਮਚਾਰੀ ਨਿਯੁਕਤ ਕੀਤੇ ਹੋਏ ਹਨ ਅਤੇ ਪੰਜਾਬ ਦੇ ਸਾਰੇ ਟੋਲ ਪਲਾਜਿਆਂ ‘ਤੇ ਕੰਪਨੀ ਵੱਲੋਂ ਵੀ 5 ਤੋਂ 10 ਮੁਲਾਜ਼ਮ ਨਿਯੁਕਤ ਕੀਤੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲਾ ਟੋਲ ਪਲਾਜ਼ਾ ਹੈ ਜਿੱਥੇ ਜਥੇਬੰਦੀਆਂ ਵਲੋਂ ਹੋਰ ਮੁਲਾਜ਼ਮ ਭਰਤੀ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ। ਦੱਸਿਆ ਕਿ ਇਸ ਮਾਮਲੇ ਦੀ ਸਾਰੀ ਰਿਪੋਰਟ ਕੰਪਨੀ ਨੂੰ ਭੇਜ ਦਿੱਤੀ ਗਈ ਹੈ।